ਅਬੁਲ ਖੁਰਾਣਾ ਦੇ ਮਾਈਨਰ ਦਾ ਅਧੂਰਾ ਪੁਲ ਬਣਿਆ ਸਿਰ-ਦਰਦ
ਪਿੰਡ ਅਬੁਲ ਖੁਰਾਣਾ ਦੇ ਮਾਈਨਰ ਦਾ ਪੁੱਲ ਬਣਿਆ ਪਿੰਡ ਵਾਸੀਆਂ ਤੇ ਰਾਹਗੀਰਾਂ ਲਈ ਸਿਰ-ਦਰਦ
Publish Date: Sat, 28 Mar 2026 03:29 PM (IST)
Updated Date: Sat, 28 Mar 2026 03:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਦੇ ਨਜ਼ਦੀਕੀ ਪਿੰਡ ਅਬੁਲ ਖੁਰਾਣਾ ਵਿਖੇ ਸਥਿਤ ਓਲਡ ਮਾਈਨਰ, ਜਿਸ ਦਾ ਪੁੱਲ ਨਵਾਂ ਬਣਾਇਆ ਗਿਆ ਹੈ, ਲੋਕਾਂ ਅਤੇ ਰਾਹਗੀਰਾਂ ਲਈ ਮੁਸੀਬਤ ਬਣ ਗਿਆ ਹੈ। ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਇਸ ਮਾਈਨਰ ਦਾ ਨਵਾਂ ਪੁੱਲ਼ ਬਣਾਇਆ ਗਿਆ। ਇਹ ਪੁੱਲ ਐਨਾਂ ਉੱਚਾ ਬਣਾਇਆ ਹੈ ਕਿ ਇਸ ਉੱਪਰੋਂ ਕੋਈ ਵੀ ਵਹੀਕਲ ਨਹੀਂ ਕਰਾਸ ਕਰ ਸਕਦਾ। ਨਾਲ ਹੀ ਇਸ ਪੁੱਲ਼ ਦੀ ਕੋਈ ਢਾਲ ਜਾਂ ਅੱਗੋਂ ਰਸਤਾ ਵੀ ਨਹੀਂ ਕੱਢਿਆ ਗਿਆ ਹੈ ਅਤੇ ਸਿਰਫ ਤਿੰਨ ਤੋਂ ਚਾਰ ਫੁੱਟ ਦੀ ਸਲੈਬ ਹੀ ਛੱਡੀ ਗਈ ਹੈ ਜੋ ਕਿ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਹਾਦਸੇ ਹੋਣ ਤੋਂ ਬੱਚ ਗਏ ਹਨ। ਹੁਣ ਇਸ ਰਸਤੇ ਦਾ ਸਾਰਾ ਟ੍ਰੈਫਿਕ ਕੱਚੇ ਰਸਤੇ ਤੋਂ ਹੋ ਕੇ ਮੇਨ ਰੋਡ ’ਤੇ ਜਾ ਰਿਹਾ ਹੈ ਅਤੇ ਲੋਕਾਂ ਲਈ ਸਿਰ-ਦਰਦ ਬਣ ਗਿਆ ਹੈ। ਪਿੰਡ ਵਾਸੀਆਂ ਗੁਰਜੀਤ ਸਿੰਘ, ਮੇਵਾ ਸਿੰਘ, ਗੁਰਮੀਤ ਸਿੰਘ, ਸੁਖਮੰਦਰ ਸਿੰਘ ਪੰਚ, ਮਨਪ੍ਰੀਤ ਸਿੰਘ ਪੰਚ, ਚਮਕੌਰ ਕੌਰ ਸਿੰਘ ਪ੍ਰੇਮੀ, ਸੰਦੀਪ ਸਿੰਘ ਮਾਨ ਤੇ ਹੋਰਨਾਂ ਦਾ ਕਹਿਣਾ ਹੈ ਕਿ ਇਸ ਬਾਬਤ ਉਨ੍ਹਾਂ ਨੇ ਜੇਈ ਅਤੇ ਠੇਕੇਦਾਰ ਨਾਲ ਵੀ ਗੱਲ਼ਬਾਤ ਕੀਤੀ ਤੇ ਉਨ੍ਹਾਂ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਪੁੱਲ ਦੇ ਰਸਤੇ ਨੂੰ ਬਣਾਇਆ ਜਾਵੇ ਤਾਂ ਜੋ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ ਅਤੇ ਰਸਤਾ ਵੀ ਮੁੜ ਚਾਲੂ ਹੋ ਸਕੇ।