- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦੀ ਪ੍ਰਸਿੱਧ ਸਿੱਖਿਆ

ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਡਾ. ਕਲਾਮ ਇੰਟਰਨੈਸ਼ਨਲ ਸਕੂਲ ਵਿਖੇ ਦੁੱਧ ਦਿਵਸ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਵਿਦਿਆਰਥੀਆਂ ਨੇ ਭਾਗ ਲੈ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ। ਪ੍ਰੋਗਰਾਮ ਦੌਰਾਨ ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁੱਧ ਇਕ ਸੰਪੂਰਨ ਖੁਰਾਕ ਹੈ। ਉਨ੍ਹਾਂ ਦੱਸਿਆ ਕਿ ਦੁੱਧ ਵਿਚ ਕੈਲਸ਼ੀਅਮ, ਪ੍ਰੋਟੀਨ ਅਤੇ ਵੱਖ-ਵੱਖ ਪ੍ਰਕਾਰ ਦੇ ਵਿਟਾਮਿਨ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਦੀ ਵਾਧ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਦੁੱਧ ਪੀਣ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ ਅਤੇ ਬੱਚਿਆਂ ਨੂੰ ਰੋਜ਼ਾਨਾ ਆਪਣੀ ਖੁਰਾਕ ਵਿਚ ਦੁੱਧ ਸ਼ਾਮਲ ਕਰਨਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਦੁੱਧ ਤੋਂ ਬਣੀਆਂ ਵਸਤਾਂ ਜਿਵੇਂ ਪਨੀਰ, ਦਹੀਂ, ਲੱਸੀ ਅਤੇ ਖੋਏ ਦੀ ਸੁੰਦਰ ਪ੍ਰਦਰਸ਼ਨੀ ਲਗਾਈ ਗਈ। ਬੱਚਿਆਂ ਨੇ ਰੰਗ-ਬਿਰੰਗੇ ਪੋਸਟਰ ਅਤੇ ਚਾਰਟ ਤਿਆਰ ਕਰਕੇ ਰੋਜ਼ ਦੁੱਧ ਪੀਓ, ਤੰਦਰੁਸਤ ਰਹੋ ਵਰਗੇ ਸਲੋਗਨ ਰਾਹੀਂ ਜਾਗਰੂਕਤਾ ਫੈਲਾਈ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ ਦੁੱਧ ਦੀ ਮਹੱਤਤਾ ’ਤੇ ਕਵਿਤਾਵਾਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਡੇਅਰੀ ਫ਼ਾਰਮ ਤੋਂ ਲੈ ਕੇ ਦੁੱਧ ਦੀ ਪੈਕਿੰਗ ਤੱਕ ਦੀ ਪੂਰੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਸਮਝਾਇਆ ਕਿ ਗਾਂ ਤੋਂ ਦੁੱਧ ਪ੍ਰਾਪਤ ਕਰਨ ਤੋਂ ਬਾਅਦ ਉਸਨੂੰ ਸਾਫ਼-ਸੁਥਰੇ ਢੰਗ ਨਾਲ ਪ੍ਰੋਸੈਸ ਕਰਕੇ ਪੈਕ ਕੀਤਾ ਜਾਂਦਾ ਹੈ ਅਤੇ ਫ਼ਿਰ ਮਾਰਕੀਟ ਰਾਹੀਂ ਘਰ-ਘਰ ਤੱਕ ਪਹੁੰਚਾਇਆ ਜਾਂਦਾ ਹੈ। ਛੋਟੇ ਬੱਚਿਆਂ ਲਈ ਦੁੱਧ ਪੀਣ ਦਾ ਰੋਚਕ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਮੈਨੇਜਮੈਂਟ ਵੱਲੋਂ ਸਾਰੇ ਬੱਚਿਆਂ ਨੂੰ ਦੁੱਧ ਦੇ ਗਲਾਸ ਵੰਡੇ ਗਏ ਅਤੇ ਰੋਜ਼ਾਨਾ ਇਕ ਗਲਾਸ ਦੁੱਧ ਪੀਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਮਾਪਿਆਂ ਨੇ ਸਕੂਲ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਬੱਚਿਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ।