ਗਊਸ਼ਾਲਾ ਬਰੀਵਾਲਾ ਵਿਖੇ ਅਰਧ-ਰਾਤਰੀ ਜਾਗਰਣ ਕਰਵਾਇਆ
ਸ੍ਰੀ ਕ੍ਰਿਸ਼ਨ ਗੋਪਾਲ ਗਊਸ਼ਾਲਾ ਬਰੀਵਾਲਾ ਵਿਖੇ ਅਰਧ-ਰਾਤਰੀ ਜਾਗਰਣ ਕਰਵਾਇਆ
Publish Date: Sat, 28 Mar 2026 04:17 PM (IST)
Updated Date: Sat, 28 Mar 2026 04:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਸ੍ਰੀ ਕ੍ਰਿਸ਼ਨ ਗੋਪਾਲ ਗਊਸ਼ਾਲਾ ਬਰੀਵਾਲਾ ਸਥਿਤ ‘ਮੰਦਿਰ ਵ੍ਰਿੰਦਾਵਨ ਧਾਮ’ ਵਿਖੇ ਮਾਂ ਭਗਵਤੀ ਦਾ ਅਰਧ-ਰਾਤਰੀ ਜਾਗਰਣ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮਾਂ ਦੇ ਦਰਬਾਰ ਦੀ ਸੁੰਦਰ ਸਜਾਵਟ ਕੀਤੀ ਗਈ ਅਤੇ ਦੇਰ ਰਾਤ ਤੱਕ ਚੱਲੇ ਇਸ ਜਾਗਰਣ ’ਚ ਸ਼ਰਧਾਲੂਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਾਗਰਣ ਦੌਰਾਨ ਉੱਘੀ ਭਜਨ ਗਾਇਕਾ ਤਮੰਨਾ ਸ਼ਰਮਾ ਨੇ ਆਪਣੀ ਮਿੱਠੀ ਆਵਾਜ਼ ’ਚ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਜਦੋਂ ਉਨ੍ਹਾਂ ਨੇ ਪ੍ਰਸਿੱਧ ਭਜਨ ‘‘ਸ਼ੇਰਾਂਵਾਲੀਏ ਤੂਨੇ ਮੁਝੇ ਬੁਲਾਇਆ...’’ ਗਾਇਆ ਤਾਂ ਪੂਰਾ ਪੰਡਾਲ ਭਗਤੀ ਦੇ ਰੰਗ ’ਚ ਰੰਗਿਆ ਗਿਆ ਅਤੇ ਸ਼ਰਧਾਲੂ ਨੱਚਣ ਲਈ ਮਜਬੂਰ ਹੋ ਗਏ। ਇਸ ਧਾਰਮਿਕ ਸਮਾਗਮ ’ਚ ਬਰੀਵਾਲਾ ਸ਼ਹਿਰ ਅਤੇ ਮੰਡੀ ਬਰੀਵਾਲਾ ਤੋਂ ਇਲਾਵਾ ਨੇੜਲੇ ਪਿੰਡਾਂ ਜਿਵੇਂ ਝਬੇਲਵਾਲੀ ਅਤੇ ਬਾਹਮਣਵਾਲਾ ਤੋਂ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਆਈਆਂ ਹੋਈਆਂ ਸੰਗਤਾਂ ਲਈ ਗਊਸ਼ਾਲਾ ਕਮੇਟੀ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸਮਾਗਮ ਦੇ ਅੰਤ ’ਚ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਗਾਇਕਾ ਤਮੰਨਾ ਸ਼ਰਮਾ ਨੂੰ ਉਨ੍ਹਾਂ ਦੀ ਬਿਹਤਰੀਨ ਪੇਸ਼ਕਾਰੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੱਡੀ ਗਿਣਤੀ ’ਚ ਮੌਜੂਦ ਸਨ। ਸ਼ਰਧਾਲੂਆਂ ਨੇ ਇਸ ਸੁੰਦਰ ਆਯੋਜਨ ਲਈ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ।