ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਮੈਂਬਰਸ਼ਿਪ ਕੈਂਪ ਲਾਇਆ
ਪੰਜਾਬ ਦੀ ਸਿਆਸਤ ਵਿਚ
Publish Date: Sun, 24 May 2026 03:56 PM (IST)
Updated Date: Mon, 25 May 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਦੀ ਸਿਆਸਤ ਵਿਚ ਇਕ ਨਵਾਂ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ, ਜਿੱਥੇ ਲੋਕ ਰਵਾਇਤੀ ਪਾਰਟੀਆਂ ਦੇ ਝੂਠੇ ਵਾਅਦਿਆਂ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਹੁਣ ਪੰਥਕ ਅਤੇ ਪੰਜਾਬ ਪੱਖੀ ਸੋਚ ਨਾਲ ਜੁੜ ਰਹੇ ਹਨ। ਇਸੇ ਲੜੀ ਤਹਿਤ ਗੁਰਦੁਆਰਾ ਜੋਤੀ ਸਰੂਪ ਸਾਹਿਬ ਜੋਗੇਵਾਲਾ ਵਿਖੇ ਲੱਗੇ ਧਾਰਮਿਕ ਜੋੜ ਮੇਲੇ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ੇਸ਼ ਮੈਂਬਰਸ਼ਿਪ ਕੈਂਪ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮੋਗਾ ਹਲਕੇ ਦੇ ਇੰਚਾਰਜ ਅਤੇ ਸੀਨੀਅਰ ਆਗੂ ਰਸ਼ਪਾਲ ਸਿੰਘ ਸ਼ੋਸ਼ਣ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਨੇ ਸਾਲਾਂ ਤੱਕ ਲੋਕਾਂ ਨਾਲ ਸਿਰਫ਼ ਝੂਠੇ ਵਾਅਦੇ ਕੀਤੇ ਹਨ ਅਤੇ ਹਰੇਕ ਵਾਰ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਇਕ ਅਜਿਹੀ ਪੰਥਕ ਸਰਕਾਰ ਦੀ ਲੋੜ ਮਹਿਸੂਸ ਕਰ ਰਹੇ ਹਨ ਜੋ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਗੱਲ ਕਰੇ। ਰਸ਼ਪਾਲ ਸਿੰਘ ਸੋਸਣ ਨੇ ਕਿਹਾ ਕਿ ਇਸ ਵੇਲੇ ਪੰਜਾਬ ਭਰ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਹੱਕ ਵਿਚ ਮਜ਼ਬੂਤ ਲਹਿਰ ਚੱਲ ਰਹੀ ਹੈ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਿਆਸਤ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਪੰਜਾਬ ਦੇ ਲੋਕ ਆਪਣੀ ਪੰਥਕ ਸਰਕਾਰ ਬਣਾਉਣ ਲਈ ਇਕੱਠੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹਮੇਸ਼ਾ ਪੰਜਾਬ ਦੇ ਹੱਕਾਂ, ਕਿਸਾਨਾਂ, ਨੌਜਵਾਨਾਂ ਅਤੇ ਧਾਰਮਿਕ ਮੂਲਿਆਂ ਦੀ ਰੱਖਿਆ ਲਈ ਡੱਟ ਕੇ ਖੜ੍ਹਾ ਰਿਹਾ ਹੈ। ਇਸ ਕਾਰਨ ਲੋਕਾਂ ਦਾ ਵਿਸ਼ਵਾਸ ਪਾਰਟੀ ਵੱਲ ਵਧ ਰਿਹਾ ਹੈ ਅਤੇ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕਰ ਰਹੇ ਹਨ। ਜੋੜ ਮੇਲੇ ਦੌਰਾਨ ਲੱਗੇ ਮੈਂਬਰਸ਼ਿਪ ਕੈਂਪ ਵਿਚ ਲੋਕਾਂ ਦਾ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕੈਂਪ ’ਚ ਦਿਨ ਭਰ ਭਾਰੀ ਰੌਣਕ ਰਹੀ। ਇਸ ਮੌਕੇ ਯਸ਼ਪਾਲ ਸਿੰਘ ਸੋਹਣ, ਸਤਿਨਾਮ ਸਿੰਘ ਲੋਪੋਂ, ਰਣਜੋਧ ਸਿੰਘ ਰਣਿਆ, ਸਤਿਨਾਮ ਸਿੰਘ ਮਾਛੀਕੇ, ਗੁਰਪ੍ਰੀਤ ਸਿੰਘ ਸੋਸਣ, ਸਤਪਾਲ ਸਿੰਘ ਡੱਗਰੂ, ਬਿੱਟੂ ਸਿੰਘ ਸੋਸਣ ਸਮੇਤ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਸਨ।