ਅਕਾਲੀ ਦਲ ਵਾਰਿਸ ਪੰਜਾਬ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਅਕਾਲੀ ਦਲ ਵਾਰਿਸ ਪੰਜਾਬ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਹੋਈ ਅਤੇ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਾਲਸਾ ਐੱਮਪੀ ਲੋਕ ਸਭਾ ਹਲਕਾ ਖ਼ਡੂਰ ਸਾਹਿਬ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਖ਼ਾਲਸਾ ਵਹੀਰ ਨੂੰ ਮੁੜ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਧਾਰਮਿਕ ਯਾਤਰਾ 25 ਫਰਵਰੀ 2026 ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋ ਕੇ ਸ਼ਾਮ ਸਮੇਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਪਹੁੰਚੇਗੀ, ਜਿੱਥੇ ਰਾਤ ਦਾ ਮੁੱਖ ਪੜਾਅ ਹੋਵੇਗਾ। ਇਸ ਮੌਕੇ ਪਾਰਟੀ ਕਾਰਜਕਾਰਨੀ ਮੈਂਬਰ ਬਾਬੂ ਸਿੰਘ ਬਰਾੜ ਅਤੇ ਕਾਬਲ ਸਿੰਘ ਨੇ ਦੱਸਿਆ ਕਿ ਪਹਿਲਾ ਪੜਾਅ ਤਰਨਤਾਰਨ ਅਤੇ ਦੂਜਾ ਪੜਾਅ ਜ਼ੀਰਾ ਵਿਖੇ ਹੋਵੇਗਾ। 25 ਫਰਵਰੀ ਨੂੰ ਸ਼ਾਮ ਦੇ ਦੀਵਾਨ ਮੁੱਦਕੀ ਵਿਖੇ ਅਤੇ ਸ਼ਾਮ 4 ਵਜੇ ਜ਼ੀਰਾ ਵਿਚ ਧਾਰਮਿਕ ਦੀਵਾਨ ਸਜਾਏ ਜਾਣਗੇ। ਅਗਲੇ ਦਿਨਾਂ ਦਾ ਰੂਟ ਅਤੇ ਧਾਰਮਿਕ ਪ੍ਰੋਗਰਾਮ ਸਵੇਰ ਦੇ ਦੀਵਾਨਾਂ ਤੋਂ ਬਾਅਦ ਵਹੀਰ ਮੁੱਦਕੀ ਤੋਂ ਫ਼ਰੀਦਕੋਟ ਵੱਲ ਰਵਾਨਾ ਹੋਵੇਗੀ। ਇਸ ਦੌਰਾਨ ਪਿੰਡ ਪੱਕਾ ਅਤੇ ਭਾਣਾ ਰੋਡ ਚੌਂਕ ਨੇੜੇ ਪੜਾਅ ਕੀਤਾ ਜਾਵੇਗਾ। ਇਸ ਤੋਂ ਬਾਅਦ ਵਹੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲ ਵਧੇਗੀ ਅਤੇ ਕੋਟਸ਼ਮੀਰ ਵਿਖੇ ਵੀ ਸੰਗਤ ਨਾਲ ਮਿਲਾਪ ਹੋਵੇਗਾ। 27 ਫਰਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਇੱਛੁਕ ਸੰਗਤ ਨੂੰ ਅੰਮ੍ਰਿਤਪਾਨ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਸੰਗਤ ਦੇ ਠਹਿਰਣ, ਲੰਗਰ, ਪੀਣ ਵਾਲੇ ਪਾਣੀ, ਸਫ਼ਾਈ ਅਤੇ ਸੁਰੱਖਿਆ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਸੇਵਾਦਾਰਾਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਸੌਂਪ ਕੇ ਵਹੀਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਮੌਕੇ ਹਲਕਾ ਮੋਗਾ ਦੇ ਸੇਵਾਦਾਰ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਖ਼ਾਲਸਾ ਵਹੀਰ ਸਿਰਫ਼ ਧਾਰਮਿਕ ਯਾਤਰਾ ਹੀ ਨਹੀਂ, ਸਗੋਂ ਪੰਥਕ ਇਕਤਾ ਅਤੇ ਗੁਰੂ ਘਰ ਨਾਲ ਜੋੜਨ ਦਾ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੋਗਾ ਅਤੇ ਆਸ ਪਾਸ ਦੇ ਇਲਾਕਿਆਂ ਦੀ ਸੰਗਤ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਦੀ ਸੰਭਾਵਨਾ ਹੈ ਅਤੇ ਸੇਵਾਦਾਰਾਂ ਵੱਲੋਂ ਸੰਗਤ ਦੀ ਸੇਵਾ ਲਈ ਪੂਰੇ ਮਨੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਅਤੇ ਅੰਮ੍ਰਿਤ ਛਕਣ ਵੱਲ ਪ੍ਰੇਰਿਤ ਕਰਨ ਵਿਚ ਇਹ ਵਹੀਰ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਮੌਕੇ ਖ਼ਾਲਸਾ ਵਹੀਰ ਕੋਆਰਡੀਨੇਟਰ ਜਤਿਨ ਸਿੰਘ ਖ਼ਾਲਸਾ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਰਵੈਰ ਸਿੰਘ ਖ਼ਾਲਸਾ, ਹਲਕਾ ਬਾਘਾਪੁਰਾਣਾ ਦੇ ਗੁਰਮੀਤ ਸਿੰਘ ਮਾਹਲਾ, ਹਲਕਾ ਜ਼ੀਰਾ ਦੇ ਹਰਵਿੰਦਰ ਸਿੰਘ, ਕਾਬਲ ਸਿੰਘ ਸੰਧੂ ਅਤੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਕਰਨ ਸਿੰਘ ਸਮੇਤ ਕਈ ਅਹੁਦੇਦਾਰ ਅਤੇ ਸੇਵਾਦਾਰ ਹਾਜ਼ਰ ਸਨ।