ਤੰਬਾਕੂ ਮੁਕਤ ਨੌਜਵਾਨ ਮੁਹਿੰਮ ਸਬੰਧੀ ਮੀਟਿੰਗ ਤੇ ਟ੍ਰੇਨਿੰਗ ਕਰਵਾਈ
ਤੰਬਾਕੂ ਮੁਕਤ ਨੌਜਵਾਨ ਅਭਿਆਨ ਸਬੰਧੀ ਮੀਟਿੰਗ ਤੇ ਟ੍ਰੇਨਿੰਗ ਆਯੋਜਿਤ
Publish Date: Sun, 19 Oct 2025 04:40 PM (IST)
Updated Date: Sun, 19 Oct 2025 04:41 PM (IST)

- ਤੰਬਾਕੂਨੋਸ਼ੀ ਵਿਰੋਧੀ ਸਰਗਰਮੀਆਂ ਤੇਜ਼ ਕਰਨ ਦੀ ਕੀਤੀ ਹਦਾਇਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਵੱਲੋਂ ‘ਤੰਬਾਕੂ ਮੁਕਤ ਨੌਜਵਾਨ ਮੁਹਿੰਮ 3.0’ ਸਬੰਧੀ ਆਪਣੇ ਦਫ਼ਤਰ ਵਿਖੇ ਸਿਹਤ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਤੇ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਤੰਬਾਕੂ ਦੀ ਲਤ ਤੋਂ ਨੌਜਵਾਨਾਂ ਨੂੰ ਦੂਰ ਰੱਖਣਾ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਇਸ ਲਈ ਸਕੂਲਾਂ, ਕਾਲਜਾਂ ਅਤੇ ਪਿੰਡਾਂ ਨੂੰ ਤੰਬਾਕੂਨੋਸ਼ੀ ਮੁਕਤ ਐਲਾਨ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤੰਬਾਕੂ ਕੰਟਰੋਲ ਐਕਟ-ਕੋਟਪਾ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਅਤੇ ਜਨਤਾ ਵਿਚ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਪਹੁੰਚਾਉਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣ। ਇਸ ਦੌਰਾਨ ਤੰਬਾਕੂ ਉਤਪਾਦਾਂ ਦੇ ਪ੍ਰਤੀਬੰਧ, ਨਸ਼ਾ ਮੁਕਤ ਮੁਹਿੰਮ ਅਤੇ ਨੌਜਵਾਨਾਂ ਵਿਚ ਸਕਾਰਾਤਮਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਰਗਰਮੀਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਹਾਇਕ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ ਨੇ ਤੰਬਾਕੂ ਮੁਕਤ ਨੌਜਵਾਨ ਮੁਹਿੰਮ ਤਹਿਤ ਸਮਾਜਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਦੂਸਰੇ ਵਿਭਾਗਾਂ ਦਾ ਸਹਿਯੋਗ ਲੈਣ ਸਬੰਧੀ ਵਿਚਾਰ ਪੇਸ਼ ਕਰਦਿਆਂ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਜ਼ਿਲ੍ਹਾ ਤੰਬਾਕੂ ਕੰਟਰੋਲ ਸੈੱਲ ਦੇ ਨੋਡਲ ਅਫਸਰ ਡਾ. ਹਿੰਮਾਸ਼ੂ ਗੁਪਤਾ ਅਤੇ ਸਹਾਇਕ ਨੋਡਲ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਸਮੂਹ ਸਿਹਤ ਸੁਪਰਵਾਈਜ਼ਰਾਂ ਨੂੰ 60 ਦਿਨਾਂ ਦੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਪਿੰਡਾਂ ਨੂੰ ਤੰਬਾਕੂਨੋਸ਼ੀ ਮੁਕਤ ਐਲਾਨ ਕਰਨ ਅਤੇ ਜਨਤਕ ਸੰਥਾਨਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਾਲਾਨ ਕੱਟਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਿਹਤ ਕਾਮਿਆਂ ਲਈ ਵਿਭਾਗ ਵੱਲੋਂ ਤਿਆਰ ਕੀਤਾ ਗਾਈਡਲਾਈਨਜ਼ ਕਤਾਬਚਾ ਤਕਸੀਮ ਕੀਤਾ। ਉਨ੍ਹਾਂ ਬਲਾਕ ਦੇ ਬੀਈਈ-ਕਮ-ਨੋਡਲ ਅਫਸਰ ਆਈਈਸੀ ਸਰਗਰਮੀਆਂ ਅਤੇ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰਾਂ ਨੂੰ ਇਸ ਵਿਸ਼ੇਸ਼ ਮੁਹਿੰਮ ਤਹਿਤ ਰੋਜ਼ਾਨਾ ਨੈਸ਼ਨਲ ਪੋਰਟਲ ਤੇ ਫੀਲਡ ਵਿੱਚ ਕਰਵਾਈਆਂ ਸਰਗਰਮੀਆਂ ਐਂਟਰ ਕਰਨ ਸਬੰਧੀ ਵੀ ਜਾਣੂ ਕਰਵਾਇਆ। ਇਸ ਮੌਕੇ ਸਹਾਇਕ ਮਲੇਰੀਆ ਅਫਸਰ ਛਿੰਦਰਪਾਲ ਸਿੰਘ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਅਤੇ ਡੀਲਿੰਗ ਕਲਰਕ ਰਾਓਵਰਿੰਦਰ ਸਿੰਘ ਆਦਿ ਹਾਜ਼ਰ ਸਨ।