ਜੱਚਾ-ਬੱਚਾ ਸਿਹਤ ਸੇਵਾਵਾਂ ਅਤੇ ਟੀਕਾਕਰਨ ਸਬੰਧੀ ਕੀਤੀ ਮੀਟਿੰਗ
ਜੱਚਾ-ਬੱਚਾ ਸਿਹਤ ਸੇਵਾਵਾਂ ਅਤੇ ਟੀਕਾਕਰਨ ਸਬੰਧੀ ਮੀਟਿੰਗ ਆਯੋਜਿਤ
Publish Date: Tue, 19 May 2026 04:21 PM (IST)
Updated Date: Wed, 20 May 2026 04:01 AM (IST)

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫ਼ਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੱਚਾ-ਬੱਚਾ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ p]ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਭਰ ਦੇ ਸਿਹਤ ਸੁਪਰਵਾਈਜ਼ਰ (ਫੀਮੇਲ) ਨਾਲ ਜੱਚਾ-ਬੱਚਾ ਸਿਹਤ ਸੇਵਾਵਾਂ ਅਤੇ ਟੀਕਾਕਰਨ ਸਬੰਧੀ ਇਕ ਵਿਸਥਾਰਪੂਰਕ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ ਗਰਭਵਤੀ ਔਰਤਾਂ ਅਤੇ ਨਵਜਨਮੇ ਬੱਚਿਆਂ ਨੂੰ ਸਮੇਂ ਸਿਰ, ਮਿਆਰੀ ਅਤੇ ਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸੀ। ਮੀਟਿੰਗ ਦੌਰਾਨ ਡਾ. ਮਨਦੀਪ ਕੌਰ ਨੇ ਏਐਨਸੀ ਸੇਵਾਵਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਹਰ ਗਰਭਵਤੀ ਔਰਤ ਦੀ ਪਹਿਲੀ ਤਿਮਾਹੀ ਵਿੱਚ ਰਜਿਸਟ੍ਰੇਸ਼ਨ, ਘੱਟੋ-ਘੱਟ ਚਾਰ ਨਿਯਮਤ ਏਐਨਸੀ ਜਾਂਚਾਂ, ਭਾਰ ਅਤੇ ਬਲੱਡ ਪ੍ਰੈਸ਼ਰ ਦੀ ਨਿਗਰਾਨੀ, ਹੀਮੋਗਲੋਬਿਨ ਅਤੇ ਹੋਰ ਲੋੜੀਂਦੇ ਲੈਬ-ਟੈਸਟ ਕਰਵਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਆਇਰਨ-ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀ ਨਿਯਮਤ ਸਪਲਾਈ, ਟੀਡੀ-ਟੀਟੀ ਟੀਕਾਕਰਨ, ਪੋਸ਼ਣ ਸਲਾਹ ਅਤੇ ਗਰਭ ਅਵਸਥਾ ਦੌਰਾਨ ਖ਼ਤਰੇ ਦੇ ਸੰਕੇਤਾਂ ਬਾਰੇ ਮਹਿਲਾਵਾਂ ਨੂੰ ਜਾਗਰੂਕ ਕਰਨ ’ਤੇ ਵੀ ਖ਼ਾਸ ਜ਼ੋਰ ਦਿੱਤਾ। ਡਾ. ਮਨਦੀਪ ਕੌਰ ਨੇ ਉੱਚ ਜ਼ੋਖ਼ਮ ਵਾਲੀਆਂ ਗਰਭਵਤੀਆਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦੀ ਫਾਲੋਅਪ ਅਤੇ ਜ਼ਰੂਰਤ ਪੈਣ ’ਤੇ ਉਚਿਤ ਸਿਹਤ ਸੰਸਥਾਵਾਂ ਵਿੱਚ ਰੈਫ਼ਰਲ ਯਕੀਨੀ ਬਣਾਉਣ ਲਈ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ। ਇਸਦੇ ਨਾਲ ਹੀ ਉਨ੍ਹਾਂ ਨੇ ਫੀਲਡ ਪੱਧਰ ’ਤੇ ਸਿਹਤ ਸੁਪਰਵਾਈਜ਼ਰਾਂ ਵੱਲੋਂ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਦੇ ਕੰਮ-ਕਾਜ ਦੀ ਨਿਗਰਾਨੀ ਹੋਰ ਮਜ਼ਬੂਤ ਕਰਨ, ਘਰ-ਘਰ ਦੌਰੇ ਵਧਾਉਣ ਅਤੇ ਨਿਰਧਾਰਤ ਟੀਚੇ ਸਮੇਂ ਸਿਰ ਪ੍ਰਾਪਤ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ । ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਹੁਸਨਪਾਲ ਸਿੱਧੂ ਨੇ ਰੂਟੀਨ ਟੀਕਾਕਰਨ ਦੀ ਵਿਸਥਾਰ ਨਾਲ ਸਮੀਖਿਆ ਕਰਦਿਆਂ ਜਨਮ ਤੋਂ ਲੈ ਕੇ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਦੇ ਟੀਕੇ ਨਿਯਮਤ ਤੌਰ ’ਤੇ ਲਗਵਾਉਣ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਨੇ ਡਰੌਪਆਊਟ ਕੇਸਾਂ ਦੀ ਪਛਾਣ, ਮਿਸਡ ਚਿਲਡਰਨ ਦੀ ਟ੍ਰੈਕਿੰਗ ਅਤੇ ਆਊਟਰੀਚ ਸੈਸ਼ਨਾਂ ਦੀ ਯੋਜਨਾਬੰਦੀ ਹੋਰ ਸੁਚੱਜੀ ਢੰਗ ਨਾਲ ਕਰਨ ਬਾਰੇ ਹਦਾਇਤਾਂ ਦਿੱਤੀਆਂ। ਡਾ. ਸਿੱਧੂ ਨੇ ਐਚ.ਪੀ.ਵੀ ਵੈਕਸੀਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵੈਕਸੀਨ ਕਿਸ਼ੋਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਵਿੱਚ ਮਹੱਤਵਪੂਰਕ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਸਕੂਲਾਂ ਅਤੇ ਕਮਿਊਨਿਟੀ ਪੱਧਰ ’ਤੇ ਜਾਗਰੂਕਤਾ ਗਤੀਵਿਧੀਆਂ ਵਧਾਉਣ ਅਤੇ ਯੋਗ ਲਾਭਪਾਤਰੀਆਂ ਦੀ ਪੂਰੀ ਕਵਰੇਜ ਯਕੀਨੀ ਬਣਾਉਣ ਲਈ ਸਾਰਿਆਂ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ। ਮੀਟਿੰਗ ਦੌਰਾਨ ਆਨਲਾਈਨ ਰਿਪੋਰਟਿੰਗ, ਸਮੇਂ ਸਿਰ ਸਮੀਖਿਆ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਜਿਲ੍ਹਾ ਮੋਨੀਟਰਿੰਗ ਐਂਡ ਇਵੈਲੂਸ਼ਨ ਅਫਸਰ ਕਿਰਨ ਬਾਲਾ, ਜਿਲ੍ਹਾ ਅੰਕੜਾ ਸਹਾਇਕ ਵਿਜੇਤਾ ਅਤੇ ਜਿਲ੍ਹੇ ਦੀਆਂ ਸਮੂਹ ਸਿਹਤ ਸੁਪਰਵਾਈਜਰ ਫੀਮੇਲ ਹਾਜਰ ਸਨ। 19 ਐਫਡੀਕੇ : ਫੀਲਡ ਸਟਾਫ ਨਾਲ ਮੀਟਿੰਗ ਕਰਦੇ ਹੋਏ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਜਿਲ੍ਹਾ ਟੀਕਾਕਰਨ ਅਫਸਰ।