ਮਾਤਾ ਚਿੰਤਪੁਰਨੀ ਦਾ ਜਨਮ ਦਿਹਾੜਾ ਮਨਾਇਆ
ਸ਼੍ਰੀ ਲਕਸ਼ਮੀ ਨਾਰਾਇਣ ਮੰਦਰ
Publish Date: Fri, 01 May 2026 03:50 PM (IST)
Updated Date: Sat, 02 May 2026 04:02 AM (IST)

ਵਕੀਲ ਮਹਿਰੋਂ, ਨਿੱਜੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸ਼੍ਰੀ ਲਕਸ਼ਮੀ ਨਾਰਾਇਣ ਮੰਦਰ (ਮੰਦਰ ਮਾਸੀ ਗਿਆਨ ਦੇਵੀ) ਰਾਮ ਗੰਜ ਵਿਖੇ ਅੱਜ ਛਿੰਨਮਸਤਿਕਾ ਮਾਤਾ ਚਿੰਤਪੁਰਨੀ ਦਾ ਪਵਿੱਤਰ ਜਨਮ ਦਿਹਾੜਾ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਪਰਿਸਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਚਰਨਾਂ ਵਿਚ ਸੀਸ ਨਿਵਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਕਾਰਜਕ੍ਰਮ ਦੀ ਸ਼ੁਰੂਆਤ ਵਿਧੀਵਤ ਪੂਜਾ ਅਤੇ ਹਵਨ ਨਾਲ ਹੋਈ, ਜੋ ਪੰਡਤ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਸੋਨੂ ਅਰੋੜਾ, ਜਨਰਲ ਸਕੱਤਰ ਨਾਨਕ ਚੋਪੜਾ ਅਤੇ ਖਜ਼ਾਨਚੀ ਰਾਕੇਸ਼ ਮਹੇਤਾ ਵੱਲੋਂ ਮਾਤਾ ਰਾਣੀ ਦੀ ਅਰਾਧਨਾ ਕਰਕੇ ਸਭ ਦੇ ਸੁਖ-ਸਮ੍ਰਿੱਧੀ ਲਈ ਅਰਦਾਸ ਕੀਤੀ ਗਈ। ਇਸ ਪਵਿੱਤਰ ਮੌਕੇ ’ਤੇ ਸਖੀ ਭਜਨ ਮੰਡਲੀ ਦੀਆਂ ਭੈਣਾਂ ਨੇ ਸੰਤੋਸ਼ ਤ੍ਰੇਹਣ ਦੀ ਅਗਵਾਈ ਵਿਚ ਭਜਨ-ਕੀਰਤਨ ਦਾ ਭਵਿਆ ਪ੍ਰੋਗਰਾਮ ਪੇਸ਼ ਕੀਤਾ। ਮਾਤਾ ਰਾਣੀ ਦੇ ਗੁਣਗਾਨ ਨਾਲ ਮੰਦਰ ਪਰਿਸਰ ਭਗਤੀ ਰਸ ਵਿਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਹਾਜ਼ਰ ਸ਼ਰਧਾਲੂ ਭਗਤੀ ਵਿਚ ਲੀਨ ਹੋ ਗਏ। ਮੰਡਲੀ ਵੱਲੋਂ ਪੇਸ਼ ਕੀਤੇ ਸੁਰੀਲੇ ਭਜਨਾਂ ਨੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਪ੍ਰਧਾਨ ਸੋਨੂ ਅਰੋੜਾ ਅਤੇ ਜਨਰਲ ਸਕੱਤਰ ਨਾਨਕ ਚੋਪੜਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਛਿੰਨਮਸਤਿਕਾ ਮਾਤਾ ਚਿੰਤਪੁਰਨੀ ਦਾ ਜਨਮ ਦਿਹਾੜਾ ਸਿਰਫ਼ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਆਸਥਾ, ਸ਼ਰਧਾ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਆਧਿਆਤਮਿਕ ਚੇਤਨਾ, ਭਾਈਚਾਰੇ ਅਤੇ ਸੱਭਿਆਚਾਰਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਮੰਦਰ ਕਮੇਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਦਰ ਵਿੱਚ ਸਮੇਂ-ਸਮੇਂ ‘ਤੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਮੰਦਰ ਦਾ ਉਦੇਸ਼ ਇਸਨੂੰ ਕੇਵਲ ਪੂਜਾ ਅਰਚਨਾ ਤੱਕ ਸੀਮਿਤ ਨਾ ਰੱਖ ਕੇ ਸਮਾਜ ਸੇਵਾ, ਸੰਸਕਾਰ ਅਤੇ ਆਧਿਆਤਮਿਕ ਜਾਗਰੂਕਤਾ ਦਾ ਕੇਂਦਰ ਬਣਾਉਣਾ ਹੈ। ਇੱਥੇ ਨਿਯਮਿਤ ਤੌਰ ‘ਤੇ ਪਾਠ-ਪੂਜਾ, ਭਜਨ-ਕੀਰਤਨ, ਸਤਸੰਗ ਅਤੇ ਲੋਕ ਭਲਾਈ ਕਾਰਜ ਕਰਵਾਏ ਜਾਂਦੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਿਆ ਜਾ ਸਕੇ। ਇਸ ਮੌਕੇ ਸੰਤੋਸ਼ ਤ੍ਰੇਹਣ, ਰਾਕੇਸ਼ ਮਹੇਤਾ, ਸੋਨੂ ਅਰੋੜਾ, ਨਾਨਕ ਚੋਪੜਾ, ਮਮਤਾ ਮੋਂਗਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਇਲਾਕਾ ਨਿਵਾਸੀ ਹਾਜ਼ਰ ਰਹੇ ਅਤੇ ਸਭ ਨੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।