ਮਹਿਰੋਂ ਵਿਖੇ ਦਸਤਾਰ ਸਿਖਲਾਈ ਕੈਂਪ ਸੰਪੰਨ
ਖ਼ਾਲਸਾ ਪੰਥ ਦੀ ਸਿਰਜਣਾ ਨੂੰ
Publish Date: Wed, 29 Apr 2026 04:16 PM (IST)
Updated Date: Thu, 30 Apr 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਖ਼ਾਲਸਾ ਪੰਥ ਦੀ ਸਿਰਜਣਾ ਨੂੰ ਸਮਰਪਿਤ ਸਮੂਹ ਗ੍ਰਾਂਮ ਪੰਚਾਇਤ, ਐੱਨਆਰਆਈ ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਮਹਿਰੋਂ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਕਈ ਦਿਨਾਂ ਤੱਕ ਚੱਲੇ ਇਸ ਕੈਂਪ ਦਾ ਅਖ਼ੀਰਲਾ ਦਿਨ ਵਿਸ਼ੇਸ਼ ਰੂਪ ਵਿਚ ਯਾਦਗਾਰ ਬਣਿਆ। ਇਸ ਦੌਰਾਨ ਜਦੋਂ ਦਸਤਾਰ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਤੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਕੈਂਪ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖੀ ਪਹਿਚਾਣ ਨਾਲ ਜੋੜਨਾ, ਦਸਤਾਰ ਬੰਨ੍ਹਣ ਦੀ ਸਹੀ ਵਿਧੀ ਸਿਖਾਉਣਾ ਅਤੇ ਉਨ੍ਹਾਂ ਵਿਚ ਆਪਣੇ ਧਾਰਮਿਕ ਅਤੇ ਸੰਸਕ੍ਰਿਤਿਕ ਮੁੱਲਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ। ਕੈਂਪ ਦੌਰਾਨ ਤਜ਼ੁਰਬੇਕਾਰ ਸਿੱਖਿਆਰਥੀਆਂ ਵੱਲੋਂ ਬੱਚਿਆਂ ਨੂੰ ਵੱਖ-ਵੱਖ ਢੰਗਾਂ ਨਾਲ ਦਸਤਾਰ ਬੰਨ੍ਹਣ ਦੀ ਪ੍ਰੈਕਟਿਸ ਕਰਵਾਈ ਗਈ ਅਤੇ ਉਨ੍ਹਾਂ ਨੂੰ ਇਸ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਅਖ਼ੀਰਲੇ ਦਿਨ ਕਰਵਾਏ ਗਏ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੇ ਬਹੁਤ ਹੀ ਸੋਹਣੇ ਅਤੇ ਸੁਧਰੇ ਢੰਗ ਨਾਲ ਦਸਤਾਰਾਂ ਬੰਨ੍ਹ ਕੇ ਸੰਗਤ ਦਾ ਮਨ ਮੋਹ ਲਿਆ। ਜੱਜਾਂ ਵੱਲੋਂ ਉਨ੍ਹਾਂ ਦੀ ਪ੍ਰਦਰਸ਼ਨ ਦੇ ਆਧਾਰ ‘ਤੇ ਚੋਣ ਕਰਕੇ ਵੱਖ-ਵੱਖ ਕੈਟੇਗਰੀਆਂ ਵਿਚ ਜੇਤੂ ਘੋਸ਼ਿਤ ਕੀਤੇ ਗਏ। ਇਸ ਮੌਕੇ ਸਾਰੇ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਅਤੇ ਇਨਾਮ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਬੱਚਿਆਂ ਵਿਚ ਖੁਸ਼ੀ ਅਤੇ ਉਤਸ਼ਾਹ ਦੇ ਮਾਹੌਲ ਦੀ ਲਹਿਰ ਦਿਖਾਈ ਦਿੱਤੀ। ਇਸ ਮੌਕੇ ਸਮਾਜ ਸੇਵੀ ਕਮਲਪ੍ਰੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਪਣੀ ਅਸਲੀ ਪਹਿਚਾਣ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਸਤਾਰ ਸਿਖਲਾਈ ਕੈਂਪ ਨੌਜਵਾਨਾਂ ਨੂੰ ਆਪਣੀ ਜੜਾਂ ਨਾਲ ਜੋੜਦੇ ਹਨ ਅਤੇ ਉਨ੍ਹਾਂ ਵਿਚ ਸਿੱਖੀ ਮਰਿਯਾਦਾ ਅਤੇ ਰਵਾਇਤਾਂ ਪ੍ਰਤੀ ਮਾਣ ਪੈਦਾ ਕਰਦੇ ਹਨ। ਉਨ੍ਹਾਂ ਨੇ ਦਸਤਾਰ ਨੂੰ ਸਿੱਖ ਕੌਮ ਦੀ ਸ਼ਾਨ, ਸਨਮਾਨ ਅਤੇ ਅਟੱਲ ਪਹਿਚਾਣ ਦੱਸਦਿਆਂ ਕਿਹਾ ਕਿ ਇਸ ਦੀ ਸੰਭਾਲ ਅਤੇ ਪ੍ਰਚਾਰ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਸਮਾਗਮ ਦੌਰਾਨ ਪਿੰਡ ਦੇ ਮਾਣਯੋਗ ਵਿਅਕਤੀਆਂ, ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ। ਅੰਤ ਵਿਚ ਆਯੋਜਕਾਂ ਵੱਲੋਂ ਸਾਰੇ ਸਹਿਯੋਗੀਆਂ, ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।