ਨਗਰ ਨਿਗਮ ਦਫਤਰ ਮੋਗਾ ਅੱਗੇ ਧਰਨਾ
ਮਿਊਂਸੀਪਲ ਮੁਲਾਜ਼ਮ ਐਕਸ਼ਨਨਗਰ ਨਿਗਮ ਦਫਤਰ ਮੋਗਾ ਅੱਗੇ ਧਰਨਾ
Publish Date: Wed, 06 May 2026 05:01 PM (IST)
Updated Date: Thu, 07 May 2026 04:06 AM (IST)

ਜਥੇਬੰਦੀਆਂ ਨੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਕੀਤੀ ਮੰਗ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸਾਂਝੇ ਬੈਨਰ ਹੇਠ ਅੱਜ ਨਗਰ ਨਿਗਮ ਮੋਗਾ ਦੇ ਦਫ਼ਤਰ ਅੱਗੇ ਵੱਡੇ ਪੱਧਰ ’ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਵੱਖ-ਵੱਖ ਯੂਨੀਅਨਾਂ ਦੇ ਸੈਂਕੜਿਆਂ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਧਰਨੇ ਦੌਰਾਨ ਮੁਲਾਜ਼ਮਾਂ ਨੇ ਇਕਜੁੱਟ ਹੋ ਕੇ ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕਰਨ, ਠੇਕੇਦਾਰੀ ਨੂੰ ਖ਼ਤਮ ਕਰਨ ਅਤੇ ਵੱਖ-ਵੱਖ ਵਿਭਾਗਾਂ ’ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਕੰਟਰੈਕਟ ਪ੍ਰਣਾਲੀ ਤੋਂ ਬਾਹਰ ਕੱਢ ਕੇ ਰੈਗੂਲਰ ਕਰਨ ਦੀਆਂ ਮੰਗਾਂ ਜ਼ੋਰ-ਸ਼ੋਰ ਨਾਲ ਰੱਖੀਆਂ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਵਾਰ-ਵਾਰ ਭਰੋਸੇ ਤਾਂ ਦਿੰਦੀ ਰਹੀ ਪਰ ਹਕੀਕਤ ਵਿਚ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਨ ਮੁਲਾਜ਼ਮਾਂ ਵਿਚ ਨਿਰਾਸ਼ਾ ਅਤੇ ਗੁੱਸਾ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮ ਸਾਲਾਂ ਤੋਂ ਘੱਟ ਤਨਖ਼ਾਹਾਂ ‘ਤੇ ਅਤੇ ਅਸਥਿਰ ਨੌਕਰੀਆਂ ’ਚ ਕੰਮ ਕਰਨ ਲਈ ਮਜਬੂਰ ਹਨ ਜਦਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਾ ਹੋਣ ਕਾਰਨ ਭਵਿੱਖ ਦੀ ਸੁਰੱਖਿਆ ਵੀ ਸੰਦੇਹ ਦੇ ਘੇਰੇ ਵਿਚ ਹੈ। ਠੇਕੇਦਾਰੀ ਪ੍ਰਥਾ ਨੇ ਮੁਲਾਜ਼ਮਾਂ ਦੇ ਹੱਕਾਂ ਨੂੰ ਕਮਜ਼ੋਰ ਕੀਤਾ ਹੈ ਅਤੇ ਇਹ ਪ੍ਰਣਾਲੀ ਖ਼ਤਮ ਕੀਤੇ ਬਿਨ੍ਹਾਂ ਇਨਸਾਫ਼ ਨਹੀਂ ਮਿਲ ਸਕਦਾ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਬੜ ਨੇ ਆਪਣੇ ਸੰਬੋਧਨ ਵਿਚ ਸਪਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਨਾ ਕੀਤਾ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ’ਤੇ ਹੜਤਾਲਾਂ ਅਤੇ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਧਰਨੇ ਨੂੰ ਕੀਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਸਟੂਡੈਂਟ ਯੂਨੀਅਨ ਸਮੇਤ ਕਈ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਰਪੂਰ ਸਮਰਥਨ ਦਿੱਤਾ ਗਿਆ। ਸਮਰਥਨ ਦੇਣ ਵਾਲੀਆਂ ਜਥੇਬੰਦੀਆਂ ਨੇ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦੇ ਹੋਏ ਸਰਕਾਰ ਨੂੰ ਤੁਰੰਤ ਹੱਲ ਕੱਢਣ ਦੀ ਅਪੀਲ ਕੀਤੀ। ਅਖ਼ੀਰ ਵਿਚ ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ ਅਤੇ ਸਰਕਾਰ ਨੂੰ ਮੁਲਾਜ਼ਮ ਹਿਤਾਂ ਦੀ ਰੱਖਿਆ ਲਈ ਮਜਬੂਰ ਕੀਤਾ ਜਾਵੇਗਾ। ਇਸ ਮੌਕੇ ਮਿਊਂਸੀਪਲ ਇਮਪਲਾਈ ਫੈੱਡਰੇਸ਼ਨ ਦੇ ਜਨਰਲ ਸਕੱਤਰ ਵਿੱਕੀ ਬਹੁਤ, ਚੀਫ਼ ਸਕੱਤਰ ਨਰੋਤਮ ਬੋਹਤ, ਚੇਅਰਮੈਨ ਸਿਕੰਦਰ ਗੁੱਲੂ, ਜੋਗਿੰਦਰ ਭੁੱਲਰ, ਸਫ਼ਾਈ ਸੇਵਕ ਆਗੂ ਵਿਸ਼ਵਨਾਥ ਜੋਨੀ, ਚੇਅਰਮੈਨ ਰਜਿੰਦਰ ਗੰਗੂ, ਅਫ਼ਸਰ ਯੂਨੀਅਨ ਦੇ ਪ੍ਰਧਾਨ ਰਵੀ ਚਾਵਰੀਆ, ਦਫ਼ਤਰੀ ਯੂਨੀਅਨ ਦੇ ਪ੍ਰਧਾਨ ਸੁਖਪਾਲ, ਬੇਲਦਾਰੀ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ, ਫ਼ਾਇਰ ਬ੍ਰਿਗੇਡ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ, ਸੀਵਰੇਜ ਯੂਨੀਅਨ ਦੇ ਪ੍ਰਧਾਨ ਮੰਗਤ ਰਾਮ, ਚੀਫ਼ ਸਕੱਤਰ ਰਵੀ ਸਾਰਵਾਨ, ਰਿਟਾਇਰਮੈਂਟ ਯੂਨੀਅਨ ਦੇ ਪ੍ਰਧਾਨ ਹਰਕਿਸ਼ਨ ਬੋਹਤ, ਸੀਨੀਅਰ ਆਗੂ ਸਤਪਾਲ ਅਨਜਾਨ ਅਤੇ ਮਦਨ ਲਾਲ ਸਮੇਤ ਭਾਰੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।