ਡੀਜ਼ਲ ਤੇ ਪੈਟਰੋਲ ਬਚਾਓ ਮੁਹਿੰਮ ਤਹਿਤ ਕੱਢੀ ਰੈਲੀ
ਇਲਾਕੇ ਦੇ ਪ੍ਰਸਿੱਧ ਅਤੇ ਆਈਸੀਐੱਸਈ
Publish Date: Mon, 25 May 2026 04:37 PM (IST)
Updated Date: Tue, 26 May 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਇਲਾਕੇ ਦੇ ਪ੍ਰਸਿੱਧ ਅਤੇ ਆਈਸੀਐੱਸਈ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਐੱਸਐੱਫ਼ਸੀ ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ ਮੋਗਾ ਵਿਚ ਡੀਜ਼ਲ ਅਤੇ ਪੈਟਰੋਲ ਬਚਾਓ ਮੁਹਿੰਮ ਤਹਿਤ ਇਕ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦਾ ਮੁੱਖ ਉਦੇਸ਼ ਦਿਨੋਂ ਦਿਨ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਘਟਦੇ ਕੁਦਰਤੀ ਸਰੋਤਾਂ ਅਤੇ ਇਸਦੇ ਆਰਥਿਕ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸੀ। ਰੈਲੀ ਦੀ ਸ਼ੁਰੂਆਤ ਸਕੂਲ ਦੀ ਪ੍ਰਾਰਥਨਾ ਸਭਾ ਤੋਂ ਕੀਤੀ ਗਈ, ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਮੁਹਿੰਮ ਦੇ ਮਕਸਦ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਅਗਵਾਈ ਹੇਠ ਜਲਾਲਾਬਾਦ ਪੂਰਬੀ ਦੀਆਂ ਗਲੀਆਂ ਅਤੇ ਮੁੱਖ ਸੜਕਾਂ ’ਤੇ ਰੈਲੀ ਕੱਢ ਕੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਸੰਭਾਲ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਰੈਲੀ ਦੌਰਾਨ ਵਿਦਿਆਰਥੀਆਂ ਦੇ ਹੱਥਾਂ ਵਿਚ ਜਾਗਰੂਕਤਾ ਭਰੇ ਬੈਨਰ ਅਤੇ ਤਖ਼ਤੀਆਂ ਸਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਕੌਸ਼ਿਕ ਨੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਕਮੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਅਤੇ ਦੇਸ਼ ਦੀ ਅਰਥਵਿਵਸਥਾ ਉੱਤੇ ਗੰਭੀਰ ਪ੍ਰਭਾਵ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇੰਧਨ ਮਹਿੰਗਾ ਹੁੰਦਾ ਹੈ ਤਾਂ ਆਵਾਜਾਈ ਦਾ ਖ਼ਰਚ ਵੱਧ ਜਾਂਦਾ ਹੈ, ਜਿਸ ਕਾਰਨ ਫ਼ਲ, ਸਬਜ਼ੀਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਲੋਕਾਂ ਨੇ ਇੰਧਨ ਦੀ ਬਚਤ ਵੱਲ ਧਿਆਨ ਨਾ ਦਿੱਤਾ ਤਾਂ ਭਵਿੱਖ ਵਿਚ ਆਵਾਜਾਈ ਅਤੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਕੂਲ ਦੇ ਸੀਐੱਮਡੀ ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਵੀ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਘਾਟ ਕਾਰਨ ਦੇਸ਼ ਦੇ ਵਪਾਰ, ਉਦਯੋਗ ਅਤੇ ਆਰਥਿਕ ਵਿਕਾਸ ਦਰ ਉੱਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘੱਟ ਦੂਰੀ ਲਈ ਸਾਈਕਲ ਜਾਂ ਦੋ ਪਹੀਆ ਵਾਹਨਾਂ ਦੀ ਵਰਤੋਂ ਕਰੇ ਅਤੇ ਬਿਨ੍ਹਾਂ ਲੋੜ ਵਾਹਨ ਚਲਾਉਣ ਤੋਂ ਬਚੇ ਤਾਂ ਇੰਧਨ ਦੀ ਵੱਡੇ ਪੱਧਰ ’ਤੇ ਬਚਤ ਕੀਤੀ ਜਾ ਸਕਦੀ ਹੈ। ਰੈਲੀ ਦੌਰਾਨ ਸਕੂਲੀ ਬੱਚੇ ਤੇ ਸਟਾਫ਼ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ।