ਫਰੀਦਕੋਟ ਦੇ ਮੁੱਖ ਬਜ਼ਾਰ ਚ ਹੋਇਆ ਜ਼ੋਰਦਾਰ ਧਮਾਕਾ,
ਫਰੀਦਕੋਟ ਦੇ ਮੁੱਖ ਬਜ਼ਾਰ ਚ ਹੋਇਆ ਜ਼ੋਰਦਾਰ ਧਮਾਕਾ,
Publish Date: Tue, 14 Apr 2026 06:17 PM (IST)
Updated Date: Wed, 15 Apr 2026 04:09 AM (IST)

ਸ਼ਰਮਾ / ਗਰਗ ਪੰਜਾਬੀ ਜਾਗਰਣ ਫਰੀਦਕੋਟ : ਕੁਝ ਦੇਰ ਪਹਿਲਾਂ ਫਰੀਦਕੋਟ ਦੇ ਮੇਨ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਪਰ ਬਣੇ ਚੁਬਾਰੇ ਵਿੱਚ ਸੁਨਿਆਰ ਦੇ ਗਹਿਣੇ ਬਣਾਉਣ ਦਾ ਕੰਮ ਕਰਨ ਵਾਲੇ ਕਾਰੀਗਰ ਦੇ ਕਮਰੇ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਦੀ ਆਵਾਜ਼ ਦੇ ਨਾਲ ਆਸ ਪਾਸ ਦਾ ਇਲਾਕਾ ਪੂਰੀ ਤਰ੍ਹਾਂ ਦਹਿਲ ਗਿਆ। ਇਸ ਧਮਾਕੇ ਦੇ ਚਲਦੇ ਦੁਕਾਨ ਅੰਦਰ ਕੰਮ ਕਰ ਰਿਹਾ ਇੱਕ ਕਾਰੀਗਰ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ। ਮਿਲੀ ਪਹਿਲੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਇਹ ਧਮਾਕਾ ਗੈਸ ਸਿਲੰਡਰ ਦੇ ਕਾਰਨ ਹੋਇਆ ਹੈ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਇਸ ਪਿੱਛੇ ਕੋਈ ਭੇਤ ਵੀ ਲੁਕਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਹਾਲਾਤ ਦਾ ਜਦੋਂ ਜਾਇਜਾ ਲਿਆ ਗਿਆ ਤਾਂ ਸਿਲੰਡਰ ਦਾ ਰੈਗੂਲੇਟਰ ਜ਼ਰੂਰ ਖੁੱਲ੍ਹਾ ਹੋਇਆ ਸੀ ਪਰ ਸਿਲੰਡਰ ਵਿੱਚ ਗੈਸ ਉਸੇ ਤਰ੍ਹਾਂ ਮੌਜੂਦ ਸੀ ਤੇ ਸਿਲੰਡਰ ਵੀ ਫਟਿਆ ਨਹੀਂ ਅਤੇ ਨਾ ਹੀ ਕਮਰੇ ਵਿੱਚ ਕਿਸੇ ਕਿਸਮ ਦੀ ਕੋਈ ਅੱਗ ਲੱਗੀ ਹਾਲਾਂਕਿ ਧਮਾਕੇ ਦੇ ਚਲਦੇ ਕਮਰੇ ਦੇ ਅੰਦਰ ਪਿਆ ਸਾਮਾਨ ਬੁਰੀ ਤਰ੍ਹਾਂ ਖਿੱਲਰ ਗਿਆ ਸ਼ਟਰ ਤੱਕ ਬੁਰੀ ਤਰ੍ਹਾਂ ਟੁੱਟ ਗਏ ਅਤੇ ਆਸ ਪਾਸ ਦੀਆਂ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟ ਗਏ ਪਰ ਕਿਤੇ ਨਾ ਕਿਤੇ ਇਸ ਜਗ੍ਹਾ ’ਤੇ ਹਾਲਾਤ ਸ਼ੱਕੀ ਨਜ਼ਰ ਆਏ। ਫਿਲਹਾਲ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਨਜ਼ਰ ਵਿੱਚ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਜਿਸ ਗੈਸ ਸਿਲੰਡਰ ਦੇ ਉੱਪਰ ਲੜਕਾ ਕੰਮ ਕਰ ਰਿਹਾ ਉਸ ਦੀ ਗੈਸ ਲੀਕ ਹੋਈ ਹੋਣੀ ਹੈ, ਜਿਸ ਦੇ ਕਾਰਨ ਉੱਥੇ ਧਮਾਕਾ ਹੋਇਆ ਅਤੇ ਇਹ ਤਸਵੀਰਾਂ ਸਾਹਮਣੇ ਆਈਆਂ। ਉਥੇ ਹੀ ਸੀਸੀਟੀਵੀ ਵਿੱਚ ਵੀ ਧਮਾਕੇ ਦੀਆਂ ਤਸਵੀਰਾਂ ਸਾਫ ਨਜ਼ਰ ਆਈਆਂ ਪਰ ਧਮਾਕਾ ਹੋਇਆ ਕਿਸ ਤਰੀਕੇ ਨਾਲ ਇਸ ਬਾਰੇ ਕੋਈ ਸਥਿਤੀ ਸਾਹਮਣੇ ਨਹੀਂ ਆਈ। ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਇਹ ਹਾਦਸਾ ਗੈਸ ਦੀ ਲੀਕੇਜ ਕਾਰਨ ਹੋਇਆ ਹੈ ਅਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ।