ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਹਫ਼ਤਾ ਮਨਾਇਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਹਫ਼ਤਾ ਮਨਾਇਆ ਗਿਆ ਅਤੇ 25 ਮਾਰਚ 2026 ਨੂੰ ਸਪੀਕਰ ਕੁਲਤਾਰ ਸੰਧਵਾਂ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ ਅਤੇ ਜ਼ਿਲ੍ਹਾ ਸਕੱਤਰ ਨੌਨਿਹਾਲ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀ ਇਸ ਸਮਾਜ ਨੂੰ ਸੋਹਣਾ ਅਤੇ ਲੱਟ ਰਹਿਤ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਦੇ ਕਰਦੇ ਭਰੀ ਜਵਾਨੀ ’ਚ ਫਾਂਸੀ ਦੇ ਫੰਦਿਆ ’ਤੇ ਲਟਕ ਗਏ। ਉਨ੍ਹਾਂ ਦੀ ਲੜਾਈ ਸਿਰਫ਼ ਅੰਗਰੇਜਾਂ ਖਿਲਾਫ਼ ਹੀ ਨਹੀਂ ਸਗੋਂ ਅੰਗਰੇਜ਼ੀ ਸਾਮਰਾਜ ਖਿਲਾਫ਼ ਸੀ। ਇਸ ਲਈ ਉਨ੍ਹਾਂ ਨੇ ‘ਇਨਕਲਾਬ-ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ’ ਦਾ ਨਾਅਰਾ ਲਾਇਆ। ਅੱਜ ਦੇ ਸਮੇਂ ’ਚ ਵੀ ਇਸ ਨਾਅਰੇ ਦੀ ਓਨੀਂ ਹੀ ਸਾਰਥਿਕਤਾ ਹੈ। ਅੱਜ ਦਾ ਸਮਾਂ ਹੋਰ ਵੀ ਖਤਰਨਾਕ ਹੈ ਜਦੋਂ ਹਰ ਸੱਤਾ ਧਾਰੀ ਪਾਰਟੀ ਭਗਤ ਸਿੰਘ ਨੂੰ ਵਰਤਣ ਦੀ ਕੋਸ਼ਿਸ਼ ਕਰਦੀ ਹੈ। ਸ਼ਹੀਦ ਭਗਤ ਸਿੰਘ ਦੇ ਅਧੂਰੇ ਨਾਅਰੇ ਨੂੰ ਵਰਤ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਨੇ ਹਰ ਵਰਗ ਦਾ ਜਲੂਸ ਕੱਢਿਆ ਹੋਇਆ ਹੈ। ਅੱਜ ਜਦੋਂ ਸੱਤਾ ’ਤੇ ਬੈਠੇ ਲੋਕ ਹਰ ਜਗ੍ਹਾ ਕਾਰਪੋਰੇਟ ਦੀ ਘੁਸਪੈਠ ਕਰਵਾ ਰਹੇ ਹਨ, ਨੌਜਵਾਨੀ ਨੂੰ ਗਲਤ ਰਾਹੇ ਪਾਇਆ ਜਾ ਰਿਹਾ ਹੈ, ਉਸ ਸਮੇਂ ਭਗਤ ਸਿੰਘ ਦਾ ‘ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ’ ਦਾ ਨਾਅਰਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਭਗਤ ਸਿੰਘ ਅਤੇ ਉਸਦੇ ਸਾਥੀ ਜਿਸ ਵਿਚਾਰ ਨੂੰ ਲੈ ਕੇ ਸਾਰੀ ਉਮਰ ਲੜਦੇ ਰਹੇ ਉਸ ਵਿਚਾਰ ਦੀ ਥਾਂ ਤੇ ਨਸ਼ਾ ਅੱਜ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਇਸ ਲਈ ਜਿੰਮੇਵਾਰ ਪੁਲਿਸ, ਸਿਆਸੀ ਪਾਰਟੀਆ ਤੇ ਗੈਂਗਸਟਰਾਂ ਦਾ ਗਠਜੋੜ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਅਤੇ ਵੱਧ ਫੁੱਲ ਰਿਹਾ ਹੈ। ਅੱਜ ਇਹ ਨਸ਼ਾ ਪੰਜਾਬ ਦੇ ਜਵਾਨੀ ਨੂੰ ਨੋਚ-ਨੋਚ ਖਾ ਰਿਹਾ ਹੈ। ਇਸ ਲਈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਟਕ ਟੀਮ ਕਾਫਲਾ ਪੀਪਲਜ਼ ਥੀਏਟਰ, ਮੋਹਾਲੀ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਮੁਕਤਸਰ, ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ, ਆਈ.ਟੀ.ਆਈ ਸਰਾਏਨਾਗਾ, ਪਿੰਡ ਕਾਉਣੀ ਅਤੇ ਆਸਾ ਬੁੱਟਰ ਵਿੱਚ ਨਾਟਕ ‘ਸੁਲਗਦੀ ਧਰਤੀ’ ਕਰਵਾਇਆ ਗਿਆ। ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸਿੰਗਜ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਹਮੇਸ਼ਾਂ ਹੀ ਹਾਕਮਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੀ ਰਹੀ ਹੈ ਹੈ। ਪੰਜਾਬ ਦੀ ਇਸੇ ਨਾਬਰੀ ਨੂੰ ਖ਼ਤਮ ਕਰਨ ਲਈ ਪਹਿਲਾ ਨਸ਼ੇ ਦਿੱਤੇ ਗਏ ਅਤੇ ਹੁਣ ਪੁਲਿਸ ਦੀ ਦਹਿਸ਼ਤ ਦਿੱਤੀ ਜਾ ਰਹੀ ਹੈ ਹੈ। ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਅਸਲ ’ਚ ਆਮ ਆਦਮੀ ਪਾਰਟੀ ਦੀ ਪਿਛਲੇ ਚਾਰਾਂ ਸਾਲਾਂ ਦੀ ਰਿਪੋਰਟ ਜੀਰੋ ਹੈ। ਇਸ ਲਈ ਜਦੋਂ ਵੀ ਭਗਵੰਤ ਮਾਨ ਸਾਬ੍ਹ ਅਮਿਤ ਸ਼ਾਹ ਦੇ ਕੋਲ ਦਿੱਲੀ ਜਾਂਦੇ ਹਨ ਓਦੋਂ ਹੀ ਮਿਸ਼ਨ ਪ੍ਰਹਾਰ ਸ਼ੁਰੂ ਕਰਕੇ ਆਮ ਲੋਕਾਂ ਨੂੰ ਬੇਕਸੂਰ ਨੌਜਵਾਨਾਂ ਨੂੰ ਚੱਕ ਲਿਆ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ ਪਹਿਲਾਂ ਰਾਜਾਂ ਦਾ ਵਿਸ਼ਾ ਸੀ ਪਰੰਤੂ ਪਹਿਲਾਂ ਇਸਨੂੰ 1976 ਵਿੱਚ ਸਮਵਰਤੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਹੁਣ ਕੇਂਦਰ ਵੱਲੋਂ ਨਵੀਂ ਨੀਤੀ ਰਾਹੀਂ ਸਿੱਖਿਆ ਨੂੰ ਪੂਰਨ ਰੂਪ ਵਿੱਚ ਆਪਣੇ ਕੰਟਰੋਲ ਹੇਠ ਕਰ ਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਦਾ ਉਜਾੜਾ ਕਰਨ ਤੇ ਨਿੱਜੀਕਰਨ, ਕੇਂਦਰੀਕਰਨ, ਵਪਾਰੀਕਰਨ ਤੇ ਭਗਵਾਂਕਰਨ ਕਰਨ ਲਈ ਕੇਂਦਰ ਵੱਲੋਂ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਦਾ ਮਤਾ ਤੁਰੰਤ ਵਿਧਾਨ ਸਭਾ ਦੇ ਸੈਸ਼ਨ ਵਿੱਚ ਲਿਆਂਦਾ ਜਾਵੇ ਅਤੇ ਪੰਜਾਬ ਸਰਕਾਰ ਪੰਜਾਬ ਦੀਆਂ ਪ੍ਰਸਥਿਤੀਆਂ, ਹਾਲਤਾਂ, ਇਤਿਹਾਸ, ਸੱਭਿਆਚਾਰ ਤੇ ਬੋਲੀ ਮੁਤਾਬਕ ਆਪਣੀ ਸਿੱਖਿਆ ਨੀਤੀ ਖੁਦ ਬਣਾਵੇ। ਇਸ ਲਈ ਪੰਜਾਬ ‘ਚ ਬਣਾਏ ਜਾ ਰਹੇ ਝੂਠੇ ਪੁਲਿਸ ਮੁਕਾਬਲੇ ਅਤੇ ਹਿਰਾਸਤੀ ਕਤਲਾਂ ਦੀ ਨਿਆਂਇਕ ਜਾਂਚ ਕਰਵਾਉਣ, ਸਿੱਖਿਆ ਨੂੰ ਸੰਵਿਧਾਨ ਦੀ ਰਾਜ ਸੂਚੀ ਵਿਚ ਸ਼ਾਮਿਲ ਕਰਵਾਉਣ ਅਤੇ ਪੰਜਾਬ ਵਾਸੀਆਂ ਲਈ ਸਰਕਾਰੀ ਨੌਕਰੀਆਂ ਵਿਚ 90% ਰਾਖਵਾਂਕਰਨ ਦਾ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ 25 ਮਾਰਚ 2026 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ।