ਤੇਜ਼ ਮੀਂਹ ਕਾਰਨ ਮੰਡੀਆਂ ’ਚ ਭਿੱਜੀ ਕਣਕ
ਤੇਜ਼ ਮੀਂਹ ਕਾਰਨ ਮੰਡੀਆਂ ’ਚ ਭਿੱਜੀ ਕਣਕ
Publish Date: Tue, 05 May 2026 06:24 PM (IST)
Updated Date: Tue, 05 May 2026 06:26 PM (IST)

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਸੋਮਵਾਰ ਰਾਤ ਨੂੰ ਲਗਭਗ 9:30 ਵਜੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਮੌਸਮ ਅਚਾਨਕ ਬਦਲ ਗਿਆ। ਤੇਜ਼ ਹਨੇਰੀ ਦੇ ਨਾਲ-ਨਾਲ ਤੇਜ਼ ਮੀਂਹ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। 70-80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਿਸ ਨਾਲ ਬਿਜਲੀ ਦੀਆਂ ਲਾਈਨਾਂ ਤੇ ਖੰਭਿਆਂ ਨੂੰ ਨੁਕਸਾਨ ਪਹੁੰਚਿਆ ਜਿਸ ਕਾਰਨ ਰਾਤ ਭਰ ਬਿਜਲੀ ਬੰਦ ਰਹੀ। ਇਸ ਦੌਰਾਨ ਅਨਾਜ ਮੰਡੀ ’ਚ ਖੁੱਲ੍ਹੇ ’ਚ ਪਈ ਕਣਕ ਦੀ ਫ਼ਸਲ ਮੀਂਹ ਨਾਲ ਭਿੱਜ ਗਈ ਜਿਸ ਕਾਰਨ ਮਜ਼ਦੂਰਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਹਾਲਾਂਕਿ, ਜ਼ਿਆਦਾਤਰ ਕਟਾਈ ਹੋਈ ਫ਼ਸਲ ਪਹਿਲਾਂ ਹੀ ਖਰੀਦ ਲਈ ਜਾ ਚੁੱਕੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜ਼ਿਲ੍ਹਾ ਹੈੱਡਕੁਆਰਟਰ ਦੀ ਅਨਾਜ ਮੰਡੀ ’ਚ ਕਣਕ ਦੀਆਂ ਲਗਭਗ 10,000 ਬੋਰੀਆਂ ਭਿੱਜ ਗਈਆਂ ਹਨ। ਮੰਡੀ ਬੋਰਡ ਨੇ ਪਹਿਲਾਂ ਤਰਪਾਲਾਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਪਰ ਖਰੀਦ ਏਜੰਸੀਆਂ ਤੇ ਠੇਕੇਦਾਰਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਭਾਰੀ ਮੀਂਹ ਤੇ ਗਰਜ-ਤੂਫ਼ਾਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਸੀ। ਇਸ ਦੇ ਬਾਵਜੂਦ ਮੰਡੀਆਂ ’ਚ ਤਰਪਾਲਾਂ ਤੇ ਹੋਰ ਸਮੱਗਰੀ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਸਨ। ਤਰਪਾਲਾਂ ਸਿਰਫ਼ ਕੁਝ ਢੇਰਾਂ ਤੇ ਹੀ ਰੱਖੀਆਂ ਗਈਆਂ ਸਨ। ਮੀਂਹ ਨਾਲ ਕਣਕ ਨੂੰ ਕਾਫ਼ੀ ਨੁਕਸਾਨ ਹੋਣ ਦਾ ਖ਼ਤਰਾ ਹੈ। ਮੰਡੀ ਜੋ ਕਣਕ ਭਿੱਜੀ ਹੈ ਠੇਕੇਦਾਰਾਂ ਤੇ ਅਧਿਕਾਰੀਆਂ ਦੀ ਲਾਪਰਵਾਹੀ ਹੈ : ਪ੍ਰਧਾਨ ਕਾਮਲੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੋਨੂੰ ਕਾਮਲੀ ਨੇ ਕਿਹਾ ਕਿ ਮੰਡੀ ’ਚ ਜੋ ਕਣਕ ਭਿੱਜੀ ਹੈ ਉਹ ਠੇਕੇਦਾਰਾਂ ਤੇ ਏਜੰਸੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੈ। ਹੁਣ ਮਜ਼ਦੂਰਾਂ ਕੋਲੋਂ ਇਸਨੂੰ ਸੁਕਾਉਣ ਦਾ ਵਾਧੂ ਕੰਮ ਕਰਵਾਇਆ ਜਾਵੇਗਾ ਤੇ ਇਸ ਬਦਲੇ ਕੋਈ ਪੈਸਾ ਵੀ ਨਹੀਂ ਦਿੱਤਾ ਜਾਣਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀਆਂ ਅਜਿਹੀਆਂ ਲਾਪਰਵਾਹੀਆਂ ਕਾਰਨ ਪਹਿਲਾਂ ਹੀ ਦੂਜੇ ਰਾਜਾਂ ਤੋਂ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ ਘੱਟ ਗਈ ਹੈ। ਕਈ ਦਿਨਾਂ ਤੋਂ ਅਸੀਂ ਮੰਡੀ ’ਚ ਕਣਕ ਦੀ ਲਿਫਟਿੰਗ ਨੂੰ ਤੇਜ਼ ਕਰਨ ਲਈ ਆਵਾਜ਼ ਚੱਕ ਰਹੇ ਹਾਂ। ਅਸੀਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਪਰ ਠੇਕੇਦਾਰਾਂ ਤੇ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਦੌਰਾਨ ਜ਼ਿਲ੍ਹਾ ਮੰਡੀ ਬੋਰਡ ਦੇ ਅਧਿਕਾਰੀ ਅਜੇ ਬਰਾੜ ਨੇ ਕਿਹਾ ਕਿ ਜੋ ਫਸਲ ਭਿੱਜੀ ਹੈ ਉਹ ਖਰੀਦ ਹੋ ਚੁੱਕੀ ਹੈ ਤੇ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਕਈ ਇਲਾਕਿਆਂ ’ਚ ਬਿਜਲੀ ਸਪਲਾਈ ਰਹੀ ਬੰਦ ਤੂਫਾਨ ਤੇ ਭਾਰੀ ਮੀਂਹ ਕਾਰਨ, ਮੁਕਤਸਰ ਦੇ ਬਠਿੰਡਾ ਰੋਡ ਤੇ ਹੋਰ ਇਲਾਕਿਆਂ ’ਚ ਰਾਤ ਭਰ ਬਿਜਲੀ ਸਪਲਾਈ ਬੰਦ ਰਹੀ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਇੱਥੋਂ ਤੱਕ ਕਿ ਅਨਵੇਟਰ ਵੀ ਬੰਦ ਹੋ ਗਏ। ਸਵੇਰੇ 8 ਵਜੇ ਦੇ ਕਰੀਬ ਬਿਜਲੀ ਸਪਲਾਈ ਬਹਾਲ ਹੋਈ ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ।