ਮੁੱਖ ਮੰਤਰੀ ਧੀਆਂ ਭੈਣਾਂ ਸਤਿਕਾਰ ਯੋਜਨਾ ਨੂੰ ਕਈਆਂ ਨੇ ਸਲਾਹਿਆ, ਕਈਆਂ ਨੇ ਨਕਾਰਿਆ
ਮੁੱਖ ਮੰਤਰੀ ਧੀਆਂ ਭੈਣਾਂ ਸਤਿਕਾਰ ਯੋਜਨਾ ਨੂੰ ਕਈਆਂ ਨੇ ਸਲਾਹਿਆ, ਕਈਆਂ ਨੇ ਨਕਾਰਿਆ
Publish Date: Fri, 13 Mar 2026 04:23 PM (IST)
Updated Date: Fri, 13 Mar 2026 04:24 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਮੁੱਖ ਮੰਤਰੀ ਧੀਆਂ ਭੈਣਾਂ ਸਤਿਕਾਰ ਯੋਜਨਾ ਤਹਿਤ ਜਨਰਲ ਜਾਤੀ ਦੀਆਂ ਔਰਤਾਂ ਨੂੰ 1000 ਅਤੇ ਐਸੀ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਦਾ ਵਾਅਦਾ ਪੂਰਾ ਕਰਨ ’ਤੇ ਜਿਆਦਾਤਰ ਔਰਤਾਂ ਨੇ ਇਸ ਪੌਲਿਸੀ ਨੂੰ ਸਲਾਹਿਆ ਅਤੇ ਕੁਝ ਔਰਤਾਂ ਨੇ ਇਸ ਨੂੰ ਨਕਾਰਿਆ। ਸਰਕਾਰ ਪੱਖੀ ਔਰਤਾਂ ਦਾ ਕਹਿਣਾ ਹੈ ਕਿ ਇਹ ਸਕੀਮ ਬਹੁਤ ਹੀ ਜਿਆਦਾ ਵਧੀਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾ ਕੀਤਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਨੇ ਇੱਕ ਹਜਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਫਿਰ ਵੀ ਵਾਅਦੇ ਤੋਂ ਅੱਗੇ ਵੱਧ ਕੇ ਉਨ੍ਹਾਂ 1500 ਰੁਪਿਆ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਹੀ ਜਿਆਦਾ ਖੁਸ਼ ਹਾਂ। ਸਰਕਾਰ ਔਰਤਾਂ ਨੂੰ ਪਿਛਲੇ ਚਾਰ ਸਾਲਾਂ ਦਾ ਬਕਾਇਆ ਦੇਵੇ ਅਮਰਜੀਤ ਕੌਰ ਨੇ ਕਿਹਾ ਕਿ 1500 ਰੁਪਏ ਐਸਸੀ ਔਰਤਾਂ ਨੂੰ ਦੇਣ ਦਾ ਫੈਸਲਾ ਤਾਂ ਬਹੁਤ ਚੰਗਾ ਹੈ ਪਰ ਸਰਕਾਰ ਨੇ ਆਪਣੇ ਵਾਅਦੇ ਦੇ ਉਲਟ ਅਖੀਰਲੇ ਸਾਲ ’ਚ ਇਹ ਫੈਸਲਾ ਲਾਗੂ ਕੀਤਾ ਹੈ ਜਦੋਂਕਿ ਇਹ ਫੈਸਲਾ ਪਹਿਲੇ ਸਾਲ ਹੀ ਲਾਗੂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਪਿਛਲੇ ਚਾਰ ਸਾਲਾਂ ਦਾ ਬਕਾਇਆ ਦੇਵੇ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਐਲਾਨ ’ਤੇ ਖਰਾ ਉਤਰੇ। ਸਰਕਾਰ ਰੁਜ਼ਗਾਰ ਦੇਵੇ ਸੁਖਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ ਪਰ ਸਾਡੇ ਬੱਚੇ ਪੜੇ ਲਿਖੇ ਦਿਹਾੜੀਆਂ ਕਰਦੇ ਹਨ। ਆਮ ਆਦਮੀ ਪਾਰਟੀ ਨੇ ਸਾਡੇ ਨਾਲ ਰੁਜਗਾਰ ਦੇਣ ਦਾ ਵਾਅਦਾ ਕੀਤਾ ਸੀ ਸਾਡੇ ਬੱਚਿਆਂ ਨੂੰ ਸਰਕਾਰ ਰੁਜ਼ਗਾਰ ਦੇਵੇ ਤਾਂ ਕਿ ਸਾਨੂੰ ਹਜ਼ਾਰ ਰੁਪਏ ਦੀ ਲੋੜ ਹੀ ਨਾ ਪਵੇ ਅਤੇ ਅਸੀਂ ਅਤੇ ਸਾਡੇ ਬੱਚੇ ਰੁਜ਼ਗਾਰ ਲੈ ਕੇ ਆਪਣਾ ਜੀਵਨ ਨਿਰਬਾਹ ਚੰਗੀ ਤਰ੍ਹਾਂ ਕਰ ਸਕੀਏ। ਉਨ੍ਹਾਂ ਇਹ ਵੀ ਕਿਹਾ ਕਿ ਜੋ ਸਾਨੂੰ ਪ੍ਰਤੀ ਜੀ ਪੰਜ ਕਿਲੋ ਕਣਕ ਮਿਲਦੀ ਹੈ ਇਸ ਨੂੰ ਵੀ ਵਧਾਇਆ ਜਾਵੇ। ਸਰਕਾਰ ਦਾ ਫੈਸਲਾ ਬੇਹੱਦ ਸ਼ਲਾਘਾਯੋਗ ਪਰਮਜੀਤ ਕੌਰ ਨੇ ਕਿਹਾ ਕਿ 1500 ਰੁਪਏ ਸਾਡੇ ਘਰ ਆਵੇਗਾ ਤਾਂ ਸਾਡਾ ਬਹੁਤ ਹੀ ਜਿਆਦਾ ਫਾਇਦਾ ਹੋਵੇਗਾ ਕਿਉਂਕਿ ਉਸ ਪੈਸੇ ਨਾਲ ਅਸੀਂ ਘਰ ਦੀਆਂ ਲੋੜਾਂ ਪੂਰੀਆਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਘਰ ’ਚ ਤਿੰਨ ਔਰਤਾਂ ਇੱਕ ਮੇਰੀ ਬੇਟੀ ਇੱਕ ਨੂੰਹ ਅਤੇ ਇੱਕ ਮੈਂ ਖੁਦ ਹਾਂ। ਸਾਨੂੰ 4500 ਹਰ ਮਹੀਨੇ ਘਰ ’ਚ ਆਵੇਗਾ ਤਾਂ ਅਸੀਂ ਆਪਣੇ ਘਰ ਦਾ ਖਰਚ ਚਲਾਵਾਂਗੀਆਂ। ਉਨ੍ਹਾਂ ਸਰਕਾਰ ਦੇ ਫੈਸਲੇ ਨੂੰ ਬੇਹੱਦ ਸਲਾਹਿਆ। ਸਿਹਤ ਬੀਮਾ ਯੋਜਨਾ, ਰਾਸ਼ਨ ਕਿੱਟ ਦਾ ਫੈਸਲਾ ਬਹੁਤ ਵਧੀਆ ਚਰਨਜੀਤ ਕੌਰ ਨੇ ਕਿਹਾ ਕਿ 10 ਲੱਖ ਰੁਪਏ ਸਿਹਤ ਬੀਮਾ ਯੋਜਨਾ ਅਤੇ ਰਾਸ਼ਨ ਕਿੱਟ ਸਮੇਤ 1500 ਪ੍ਰਤੀ ਔਰਤ ਦੇ ਫੈਸਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ ਪਰ ਜੇ ਸਰਕਾਰ ਪਿਛਲਾ ਬਕਾਇਆ ਵੀ ਦੇ ਦੇਵੇ ਤਾਂ ਅਸੀਂ ਆਪਣਾ ਕਰਜਾ ਵੀ ਉਤਾਰ ਸਕਦੇ ਹਾਂ ਅਤੇ ਜਿਨਾਂ ਦੇ ਸਿਰ ਕਰਜਾ ਨਹੀਂ ਉਹ ਆਪਣੇ ਘਰ ਕਮਰਾ ਵਗੈਰਾ ਬਣਾ ਸਕਦੇ ਹਨ ਪਰ ਫਿਰ ਵੀ ਉਨ੍ਹਾਂ ਨੇ ਸਰਕਾਰ ਦੇ ਫੈਸਲੇ ਨੂੰ ਦੇਰ ਆਏ ਦਰੁਸਤ ਆਏ ਕਿਹਾ। ‘ਆਪ’ ਸਰਕਾਰ ਨੇ ਬੀਬੀਆਂ ਦਾ ਮਨ ਜਿੱਤਿਆ ਆਮ ਆਦਮੀ ਪਾਰਟੀ ਦੇ ਆਗੂ ਬੀਬਾ ਕੁਲਦੀਪ ਕੌਰ ਮੋਹਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਬੀਆਂ ਦਾ ਮਨ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਵਾਅਦਾ ਤਾਂ ਇੱਕ ਹਜਾਰ ਰੁਪਏ ਦਾ ਕੀਤਾ ਸੀ ਪਰ ਫਿਰ ਵੀ ਐਸਸੀ ਔਰਤਾਂ ਨੂੰ 1500 ਰੁਪਏ ਦੇ ਕੇ ਸਰਕਾਰ ਨੇ ਗਾਰੰਟੀ ਤੋਂ ਵੀ ਵੱਧ ਕੇ ਕੰਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ, ਜਨਰਲ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇ ਕੇ ਸਰਕਾਰ ਨੇ ਔਰਤਾਂ ਦੇ ਸਨਮਾਨ ’ਚ ਬਹੁਤ ਵੱਡਾ ਕੰਮ ਕੀਤਾ ਹੈ। ਉਨ੍ਹਾਂ ਨੇ ਸਰਕਾਰ ਦੇ ਹਰ ਫੈਸਲੇ ਨੂੰ ਖੂਬ ਸਲਾਹਿਆ ਅਤੇ ਸਰਕਾਰ ਦੁਆਰਾ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਤੇ ਮੁੱਖ ਮੰਤਰੀ ਨੂੰ ਵਧਾਈ ਵੀ ਭੇਜੀ।