ਮਾਨ ਸਰਕਾਰ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਵਚਨਬੱਧ : ਵਿਧਾਇਕ ਡਿੰਪੀ ਢਿੱਲੋਂ
ਮਾਨ ਸਰਕਾਰ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਵਚਨਬੱਧ ਹੈ : ਵਿਧਾਇਕ ਡਿੰਪੀ ਢਿੱਲੋਂ
Publish Date: Tue, 03 Mar 2026 04:42 PM (IST)
Updated Date: Tue, 03 Mar 2026 04:44 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਅੱਜ ਬੀਡੀਪੀਓ ਦਫਤਰ ਗਿੱਦੜਬਾਹਾ ਵਿਖੇ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ’ਚ ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ’ਚ ਉਨ੍ਹਾਂ ਮਿਹਨਤੀ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ, ਜੋ ਆਪਣਾ ਕਾਰੋਬਾਰ ਆਪਣੀ ਪਹਿਚਾਣ ਤਹਿਤ ਸਵੈ-ਸਹਾਇਤਾ ਗਰੁੱਪਾਂ ਰਾਹੀਂ ਸਵੈ-ਰੋਜ਼ਗਾਰ ਚਲਾ ਕੇ ਆਪਣੇ ਪਰਿਵਾਰਾਂ ਦਾ ਸਫਲਤਾਪੂਰਵਕ ਪਾਲਣ-ਪੋਸ਼ਣ ਕਰ ਰਹੀਆਂ ਹਨ। ਸਨਮਾਨਿਤ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਡਿੰਪੀ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਬਲਾਕ ਦੀਆਂ ਇਹ ਔਰਤਾਂ ਅੱਜ ਦੂਜਿਆਂ ਲਈ ਪ੍ਰੇਰਣਾ ਸਰੋਤ ਬਣੀਆਂ ਹਨ, ਜੋ ਘਰ ਦੇ ਕੰਮਾਂ ਦੇ ਨਾਲ-ਨਾਲ ਸਵੈ-ਰੋਜ਼ਗਾਰ ਰਾਹੀਂ ਆਰਥਿਕ ਸੁਤੰਤਰਤਾ ਵੱਲ ਵਧ ਰਹੀਆਂ ਹਨ। ਸਮਾਗਮ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਨਜੋਤ ਸਿੰਘ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਮਹਿਲਾ ਉੱਦਮੀਆਂ ਦੀ ਚੋਣ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਹੁਨਰ ਦੇ ਆਧਾਰ ਤੇ ਕੀਤੀ ਗਈ ਹੈ। ਜਿਨ੍ਹਾਂ ਨੇ ਸਮਾਗਮ ਦੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਨਮਾਨਿਤ ਹੋਣ ਵਾਲੀਆਂ ਬੀਬੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸਨਮਾਨਿਤ ਹੋਈਆਂ ਮਹਿਲਾਵਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨਾਂ ਨਾਲ ਉਨ੍ਹਾਂ ਵਿੱਚ ਕੰਮ ਪ੍ਰਤੀ ਹੋਰ ਉਤਸ਼ਾਹ ਪੈਦਾ ਹੁੰਦਾ ਹੈ। ਸਮਾਗਮ ਦੇ ਅਖੀਰ ਵਿੱਚ ਚੁਣੀਆਂ ਗਈਆਂ ਮਹਿਲਾਵਾਂ ਨੂੰ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਅਧਿਕਾਰੀਆਂ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਗੁਰਵਿੰਦਰ ਸਿੰਘ ਸਰਪੰਚ, ਜਸਕਰਨ ਸਿੰਘ ਸੁਪਰਡੈਂਟ, ਸਵਰਨ ਸਿੰਘ ਬੀਪੀਐਮ, ਜੋਨੀ ਕੁਮਾਰ ਐਮਆਈਸੀ ਅਤੇ ਹੀਰਾ ਸਿੰਘ ਸੀਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।