ਮਾਲਵਿਕਾ ਸੂਦ ਨੇ ਹੜ੍ਹ ਪੀੜਤਾਂ ਨੂੰ ਸਾਮਾਨ ਵੰਡਿਆ
ਪੰਜਾਬ ਮੁੜ ਇਕ ਵਾਰ ਹੜ੍ਹ ਦੀ ਮੁਸੀਬਤ ਦਾ
Publish Date: Thu, 04 Sep 2025 03:46 PM (IST)
Updated Date: Fri, 05 Sep 2025 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਪੰਜਾਬ ਮੁੜ ਇਕ ਵਾਰ ਹੜ੍ਹ ਦੀ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ। ਘਰ ਪਾਣੀ ਵਿਚ ਡੁੱਬੇ ਹੋਏ ਹਨ, ਲੋਕ ਬੇਘਰ ਹੋ ਚੁੱਕੇ ਹਨ ਅਤੇ ਜੀਵਨ ਦੁਖੀ ਹੋ ਰਿਹਾ ਹੈ। ਅਜਿਹੇ ਸਮੇਂ ਵਿਚ ਪੰਜਾਬੀਆਂ ਦੀਆਂ ਖ਼ੂਬੀਆਂ ਸਪੱਸ਼ਟ ਦਿਸਦੀਆਂ ਹਨ ਕਿ ਉਹ ਕਦੇ ਮੁਸੀਬਤ ਦੇ ਅੱਗੇ ਝੁਕਦੇ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਮੋਗਾ ਇੰਚਾਰਜ ਮਾਲਵਿਕਾ ਸੂਦ ਨੇ ਕੀਤਾ। ਮਾਲਵਿਕਾ ਸੂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਜੋ ਦੇਸ਼ ਦਾ ਅੰਨ ਦਾਤਾ ਹੈ ਅੱਜ ਆਪ ਹੀ ਮੁਸੀਬਤ ਵਿਚ ਹੈ। ਪਰ ਅਸੀਂ ਪੰਜਾਬੀ ਇਸ ਨੂੰ ਮੁਸੀਬਤ ਨਹੀਂ, ਸਗੋਂ ਰੱਬ ਵੱਲੋਂ ਲਿਆ ਗਿਆ ਇਕ ਇਮਤਿਹਾਨ ਮੰਨਦੇ ਹਾਂ। ਜਿਸ ਤਰ੍ਹਾਂ ਪਹਿਲਾਂ ਹਰ ਵਾਰ ਪੰਜਾਬ ਨੇ ਹੌਸਲੇ ਨਾਲ ਕਾਮਯਾਬੀ ਹਾਸਲ ਕੀਤੀ ਹੈ, ਉਸੇ ਤਰ੍ਹਾਂ ਇਸ ਵਾਰ ਵੀ ਅਸੀਂ ਕਾਮਯਾਬ ਹੋਵਾਂਗੇ। ਇਸ ਮੌਕੇ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਹੜ੍ਹ ਪੀੜਤਾਂ ਲਈ ਜਰੂਰੀ ਸਮਾਨ ਟਰਾਲੀਆਂ ਤੇ ਗੱਡੀਆਂ ਵਿਚ ਭਰਵਾਂ ਕੇ ਹਲਕਾ ਧਰਮਕੋਟ ਦੇ ਵੱਖ ਵੱਖ ਪਿੰਡਾਂ ਅੰਦਰ ਜਾ ਕੇ ਹੜ ਨਾਲ ਪੀੜਤ ਲੋਕਾਂ ਨੂੰ ਸਮਾਂਨ ਵੰਡਿਆ ਗਿਆ ਇਸ ਮੌਕੇ ਲੋਕਾਂ ਨੇ ਉਨ੍ਹਾਂ ਦੀ ਇਸ ਸੇਵਾ ਭਾਵਨਾ ਦੀ ਵੱਡੀ ਪ੍ਰਸ਼ੰਸਾ ਕੀਤੀ। ਮਾਲਵਿਕਾ ਸੂਦ ਨੇ ਕਿਹਾ ਕਿ ਉਹ ਆਪਣੇ ਪਿਤਾ ਸ਼ਕਤੀ ਸੂਦ ਦੀ ਧੀ ਹੋਣ ਦੇ ਨਾਤੇ ਹਮੇਸ਼ਾ ਪੰਜਾਬ ਦੀ ਸੇਵਾ ਲਈ ਖੜ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਮਸ਼ਹੂਰ ਫਿਲਮੀ ਅਦਾਕਾਰ ਸੋਨੂੰ ਸੂਦ ਜੋ ਇਸ ਸਮੇਂ ਵਿਦੇਸ਼ ਵਿਚ ਹਨ ਉਨ੍ਹਾਂ ਨੇ ਵੀ ਖ਼ਾਸ ਤੌਰ ‘ਤੇ ਆਪਣੀ ਡਿਊਟੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਗਾਈ ਹੈ। ਸੋਨੂ ਸੂਦ ਪਹਿਲਾਂ ਵੀ ਦੇਸ਼ ਭਰ ਵਿਚ ਹਰੇਕ ਮੁਸੀਬਤ ਵਿੱਚ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਮਦਦ ਉਹੀ ਹੁੰਦੀ ਹੈ ਜੋ ਦਿਲੋਂ ਕੀਤੀ ਜਾਵੇ। ਜੋ ਵੀ ਜ਼ਰੂਰਤਮੰਦ ਹੈ, ਉਸ ਤੱਕ ਸਾਡੀ ਸਹਾਇਤਾ ਪਹੁੰਚੇਗੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੂਦ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਨਾ ਸਿਰਫ਼ ਪੰਜਾਬ, ਸਗੋਂ ਜੰਮੂ-ਕਸ਼ਮੀਰ ਵਿਚ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਵੀ ਸਹਾਇਤਾ ਚਲਾਈ ਜਾ ਰਹੀ ਹੈ। ਨਾਲ ਹੀ ਦੁਨੀਆ ਭਰ ਵਿੱਚ ਰਹਿਣ ਵਾਲੇ ਐਨਆਰਆਈ ਪੰਜਾਬੀ ਵੱਡੇ ਪੱਧਰ ਤੇ ਇਸ ਮੁਹਿੰਮ ਨਾਲ ਜੁੜ ਰਹੇ ਹਨ ਅਤੇ ਆਪਣਾ ਯੋਗਦਾਨ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਹਾਇਤਾ ਮੁਹਿੰਮ ਸਾਬਤ ਕਰਦੀ ਹੈ ਕਿ ਜਦੋਂ ਪੰਜਾਬ ਮੁਸੀਬਤ ਵਿੱਚ ਹੋਵੇ, ਤਾਂ ਪੰਜਾਬੀ ਭਾਈਚਾਰਾ ਇਕੱਠਾ ਹੋ ਕੇ ਕਿਸੇ ਨੂੰ ਵੀ ਇਕੱਲਾ ਨਹੀਂ ਛੱਡਦਾ।