ਜਲਾਲਾਬਾਦ ਸੜਕ ਨਿਰਮਾਣ ’ਚ ਵੱਡੀ ਘਪਲੇਬਾਜ਼ੀ
ਜਲਾਲਾਬਾਦ ਸੜਕ ਨਿਰਮਾਣ ’ਚ ਵੱਡੀ ਘਪਲੇਬਾਜ਼ੀ
Publish Date: Sun, 03 May 2026 05:03 PM (IST)
Updated Date: Mon, 04 May 2026 04:08 AM (IST)

-ਹੱਥ ਨਾਲ ਉਖੜ ਰਹੀ ਸੜਕ, ਲੋਕਾਂ ’ਚ ਭਾਰੀ ਰੋਸ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੇ ਜਲਾਲਾਬਾਦ ਰੋਡ ਤੋਂ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਉਜਾਗਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਨਵੀਂ ਬਣੀ ਸੜਕ ਦੀ ਮਾੜੀ ਕੁਆਲਿਟੀ ਨੇ ਵਿਕਾਸ ਕਾਰਜਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸੜਕ ਨਿਰਮਾਣ ’ਚ ਵੱਡੇ ਪੱਧਰ ’ਤੇ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਇਸ ਦਾ ਮਟੀਰੀਅਲ ਅਤੇ ਬੱਜਰੀ ਹੱਥ ਨਾਲ ਹੀ ਆਸਾਨੀ ਨਾਲ ਉਖਾੜੀ ਜਾ ਸਕਦੀ ਹੈ। ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੜਕ ਦੀ ਉੱਪਰਲੀ ਪਰਤ ਕਿੰਨੀ ਕਮਜ਼ੋਰ ਹੈ। ਇਹ ਸਥਿਤੀ ਸਿੱਧੇ ਤੌਰ ’ਤੇ ਨਿਰਮਾਣ ’ਚ ਵਰਤੀ ਗਈ ਮਾੜੀ ਸਮੱਗਰੀ ਅਤੇ ਕੰਮ ਦੀ ਗੁਣਵੱਤਾ ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਮੁਕੰਮਲ ਹੋਣ ਦੇ ਕੁਝ ਦਿਨਾਂ ਬਾਅਦ ਹੀ ਇਸ ਦੇ ਟੁੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇੱਕ ਸਥਾਨਕ ਨਿਵਾਸੀ ਨੇ ਆਪਣਾ ਦੁੱਖ ਜ਼ਾਹਰ ਕਰਦਿਆਂ ਕਿਹਾ ਸੜਕ ਬਣੀ ਤਾਂ ਸੀ ਪਰ ਕੁਝ ਦਿਨਾਂ ਚ ਹੀ ਟੁੱਟਣ ਲੱਗ ਪਈ... ਇਹ ਸਾਰਾ ਮੈਟਰੀਅਲ ਬਹੁਤ ਹੀ ਘਟੀਆ ਲੱਗਦਾ ਹੈ। ਸਰਕਾਰ ਸਾਡੇ ਟੈਕਸ ਦੇ ਪੈਸੇ ਦੀ ਬਰਬਾਦੀ ਕਰ ਰਹੀ ਹੈ। ਜਦੋਂ ਇਸ ਸਬੰਧੀ ਠੇਕੇਦਾਰ ਪ੍ਰਦੀਪ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਵੱਲੋਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਠੇਕੇਦਾਰ ਦੀ ਇਸ ਚੁੱਪੀ ਨੇ ਲੋਕਾਂ ਦੇ ਸ਼ੱਕ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਹੈ ਕਿ ਇਸ ਪ੍ਰੋਜੈਕਟ ਵਿੱਚ ਕਿਤੇ ਨਾ ਕਿਤੇ ਵੱਡੀ ਗੜਬੜ ਜ਼ਰੂਰ ਹੋਈ ਹੈ। ਬਾਕਸ-- -ਪ੍ਰਸ਼ਾਸਨ ਅਤੇ ਸਰਕਾਰ ਤੋਂ ਜਾਂਚ ਦੀ ਮੰਗ- ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ। ਲੋਕਾਂ ਵੱਲੋਂ ਇੱਕ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾ ਸਕੇ। ਹੁਣ ਵੱਡਾ ਸਵਾਲ ਇਹ ਹੈ ਕੀ ਪ੍ਰਸ਼ਾਸਨ ਇਸ ਮਾਮਲੇ ’ਚ ਕੋਈ ਸਖ਼ਤ ਕਾਰਵਾਈ ਕਰੇਗਾ, ਜਾਂ ਫਿਰ ਇਹ ਮਾਮਲਾ ਵੀ ਅਕਸਰ ਦੇਖਣ ਨੂੰ ਮਿਲਣ ਵਾਲੇ ਕੇਸਾਂ ਵਾਂਗ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ?