ਮੋਗਾ ਵਿਚ ਕਾਨੂੰਨ-ਵਿਵਸਥਾ ਨੂੰ

ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ: ਮੋਗਾ ਵਿਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇ ਰਹੇ ਗੈਰਕਾਨੂੰਨੀ ਧੰਦਿਆਂ ਖ਼ਿਲਾਫ਼ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਰੋਡ ’ਤੇ ਚੱਲ ਰਹੇ ਦੇਹ ਵਪਾਰ ਦੇ ਗੈਰਕਾਨੂੰਨੀ ਜਾਲ ਦਾ ਭਾਂਡਾਫੋੜ ਦਿੱਤਾ ਹੈ। ਮੰਗਲਵਾਰ ਦੁਪਹਿਰ ਬਾਅਦ ਥਾਣਾ ਮਹਿਣਾ ਪੁਲਿਸ ਅਤੇ ਪੀਸੀਆਰ ਟੀਮ ਵੱਲੋਂ ਕੀਤੀ ਗਈ ਸਾਂਝੀ ਛਾਪੇਮਾਰੀ ਦੌਰਾਨ ਇਕ ਕੋਠੀ ਵਿਚ ਲੰਮੇ ਸਮੇਂ ਤੋਂ ਚੱਲ ਰਹੇ ਇਸ ਧੰਦੇ ਨੂੰ ਬੇਨਕਾਬ ਕੀਤਾ ਗਿਆ।
ਪੁਲਿਸ ਟੀਮ ਨੇ ਮੌਕੇ ’ਤੇ ਕਾਰਵਾਈ ਕਰਦਿਆਂ 14 ਲੜਕੀਆਂ ਅਤੇ 7 ਪੁਰਸ਼ਾਂ ਨੂੰ ਕਾਬੂ ਕੀਤਾ। ਹੈਰਾਨੀਜਨਕ ਤੌਰ ’ਤੇ ਕਾਬੂ ਕੀਤੀਆਂ ਲੜਕੀਆਂ ਵਿਚੋਂ ਇਕ ਨਾਬਾਲਗ ਵੀ ਪਾਈ ਗਈ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੱਧ ਗਈ ਹੈ। ਪੁਲਿਸ ਨੇ ਤੁਰੰਤ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਡੀਐੱਸਪੀ ਧਰਮਕੋਟ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਮਹਿਣਾ ਦੇ ਮੁਖੀ ਗੁਰਸੇਵਕ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ-ਅੰਮ੍ਰਿਤਸਰ ਰੋਡ ’ਤੇ ਸਥਿਤ ਇਕ ਕੋਠੀ ਨੂੰ ਹੋਟਲ ਦੇ ਰੂਪ ਵਿਚ ਵਰਤ ਕੇ ਗੈਰਕਾਨੂੰਨੀ ਦੇਹ ਵਪਾਰ ਚਲਾਇਆ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਤੁਰੰਤ ਪੁਲਿਸ ਟੀਮਾਂ ਬਣਾਕੇ ਯੋਜਨਾਬੱਧ ਢੰਗ ਨਾਲ ਛਾਪਾ ਮਾਰਿਆ ਗਿਆ।
ਇਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਕੋਠੀ ਦਾ ਮਾਲਕ ਇਕ ਪਿੰਡ ਦਾ ਰਹਿਣ ਵਾਲਾ ਹੈ ਜਦਕਿ ਇੱਥੇ ਚੱਲ ਰਹੇ ਹੋਟਲ ਦੀ ਦੇਖ਼ਭਾਲ ਹੋਰ ਕੋਈ ਕਰਦੇ ਸਨ। ਪੁਲਿਸ ਅਨੁਸਾਰ ਇਹ ਗੈਰਕਾਨੂੰਨੀ ਧੰਦਾ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਤੇ ਇਸ ਵਿਚ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਕਾਬੂ ਕੀਤੀ ਗਈ ਨਾਬਾਲਗ ਲੜਕੀ ਦੀ ਪਛਾਣ ਉਸ ਦੇ ਆਧਾਰ ਕਾਰਡ ਰਾਹੀਂ ਹੋਈ ਹੈ। ਪੁਲਿਸ ਵੱਲੋਂ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦੇ ਬਿਆਨ ਦਰਜ ਕਰਵਾਏ ਜਾਣਗੇ। ਹੋਰ ਲੜਕੀਆਂ ਨੂੰ ਨਾਰੀ ਨਿਕੇਤਨ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਅਤੇ ਪੁਨਰਵਾਸ ਯਕੀਨੀ ਬਣਾਇਆ ਜਾ ਸਕੇ। ਪੁਲਿਸ ਨੇ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਖ਼ਿਲਾਫ਼ ਮੋਰਲ ਟ੍ਰੈਫ਼ਿਕਿੰਗ ਐਕਟ ਸਮੇਤ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ ਅਤੇ ਹੋਰ ਸੰਬੰਧਤ ਵਿਅਕਤੀਆਂ ਦੀ ਭਾਲ ਜਾਰੀ ਹੈ। ਡੀਐੱਸਪੀ ਨੇ ਕਿਹਾ ਕਿ ਸ਼ਹਿਰ ਵਿਚ ਇਸ ਤਰ੍ਹਾਂ ਦੇ ਗੈਰਕਾਨੂੰਨੀ ਧੰਦਿਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੋਗਾ ਦੇ ਬੁੱਗੀਪੁਰਾ ਚੌਂਕ ਨੇੜੇ ਕੁਝ ਹੋਟਲਾਂ ਵਿਚ ਚੱਲ ਰਹੇ ਅਜਿਹੇ ਗੈਰਕਾਨੂੰਨੀ ਧੰਦੇ ਦਾ ਪੁਲਿਸ ਵੱਲੋਂ ਪਰਦਾਫ਼ਾਸ਼ ਕੀਤਾ ਜਾ ਚੁੱਕਾ ਹੈ, ਜਿਸ ਨਾਲ ਸਪਸ਼ਟ ਹੁੰਦਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।