ਸ੍ਰੀ ਮੁਕਤਸਰ ਸਾਹਿਬ ’ਚ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ: ਮਹਿਲਾ ਤਸਕਰ ਦੀ ਗੈਰ-ਕਾਨੂੰਨੀ ਇਮਾਰਤ ’ਤੇ ਚੱਲਿਆ ਪੁਲਿਸ ਦਾ ਬੁਲਡੋਜ਼ਰ
ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੇ ਨਿਰਦੇਸ਼ਾਂ ਹੇਠ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਪਿੰਡ ਅਟਾਰੀ ਵਿਖੇ ਇੱਕ ਨਾਮੀ ਮਹਿਲਾ ਨਸ਼ਾ ਤਸਕਰ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਗਈ ਇਮਾਰਤ ਨੂੰ ਬੁਲਡੋਜ਼ਰ ਚਲਾ ਕੇ ਜ਼ਮੀਨਦੋਜ਼ ਕਰ ਦਿੱਤਾ।
Publish Date: Tue, 19 May 2026 11:53 AM (IST)
Updated Date: Tue, 19 May 2026 11:55 AM (IST)

ਭੰਵਰਾ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ - ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਦੇ ਨਿਰਦੇਸ਼ਾਂ ਹੇਠ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਪਿੰਡ ਅਟਾਰੀ ਵਿਖੇ ਇੱਕ ਨਾਮੀ ਮਹਿਲਾ ਨਸ਼ਾ ਤਸਕਰ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਗਈ ਇਮਾਰਤ ਨੂੰ ਬੁਲਡੋਜ਼ਰ ਚਲਾ ਕੇ ਜ਼ਮੀਨਦੋਜ਼ ਕਰ ਦਿੱਤਾ।
ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਢਾਹੀ ਅਣਅਧਿਕਾਰਤ ਇਮਾਰਤ
ਮੌਕੇ ’ਤੇ ਮੌਜੂਦ ਨਾਇਬ ਤਹਿਸੀਲਦਾਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਅਟਾਰੀ ਦੀ ਰਹਿਣ ਵਾਲੀ ਚਰਨਜੀਤ ਕੌਰ ਉਰਫ ਮਨੂ (ਪਤਨੀ ਭੁਪਿੰਦਰ ਸਿੰਘ ਉਰਫ ਭਿੰਦਾ) ਵੱਲੋਂ ਇਹ ਇਮਾਰਤ ਬਿਨਾਂ ਕਿਸੇ ਮਨਜ਼ੂਰੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੀ।
ਸਮਰੱਥ ਅਥਾਰਟੀ (Competent Authority) ਤੋਂ ਇਮਾਰਤ ਨੂੰ ਢਾਹੁਣ ਦੇ ਹੁਕਮ ਮਿਲਣ ਤੋਂ ਬਾਅਦ, ਪੂਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਕਾਰਵਾਈ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।
ਮਹਿਲਾ ਤਸਕਰ ’ਤੇ ਦਰਜ ਹਨ 5 ਮੁਕੱਦਮੇ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. (ਡੀ) ਮਨਮੀਤ ਸਿੰਘ ਢਿੱਲੋਂ ਨੇ ਖ਼ੁਲਾਸਾ ਕੀਤਾ ਕਿ ਉਕਤ ਮਹਿਲਾ ਮੁਲਜ਼ਮ ਚਰਨਜੀਤ ਕੌਰ ਉਰਫ ਮਨੂ ਇੱਕ ਪੇਸ਼ੇਵਰ ਨਸ਼ਾ ਤਸਕਰ ਹੈ, ਜਿਸ ਖ਼ਿਲਾਫ਼ ਨਸ਼ਾ ਤਸਕਰੀ (NDPS Act) ਨਾਲ ਸਬੰਧਤ 05 ਗੰਭੀਰ ਮੁਕੱਦਮੇ ਦਰਜ ਹਨ।
ਨਸ਼ੇ ਦੀ ਕਮਾਈ ਨਾਲ ਬਣਾਈ ਜਾਇਦਾਦ ਹੋਵੇਗੀ ਜ਼ਬਤ: ਐਸ.ਐਸ.ਪੀ.
ਐਸ.ਪੀ. (ਡੀ) ਮਨਮੀਤ ਸਿੰਘ ਢਿੱਲੋਂ ਨੇ ਹੋਰ ਦੱਸਿਆ ਕਿ ਐਸ.ਐਸ.ਪੀ. ਸ਼੍ਰੀ ਅਭਿਮੰਨਿਊ ਰਾਣਾ ਦੀਆਂ ਸਖ਼ਤ ਹਦਾਇਤਾਂ ’ਤੇ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਦਾ ਲਕੜਤੋੜ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ:
ਜੋ ਕੋਈ ਵੀ ਵਿਅਕਤੀ ਨਸ਼ੇ ਦੀ ਕਾਲੀ ਕਮਾਈ ਨਾਲ ਜਾਇਦਾਦ ਬਣਾਏਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਅਜਿਹੀਆਂ ਸਾਰੀਆਂ ਜਾਇਦਾਦਾਂ ਨੂੰ ਕੰਪੀਟੈਂਟ ਅਥਾਰਟੀ (ਨਵੀਂ ਦਿੱਲੀ) ਰਾਹੀਂ ਫ੍ਰੀਜ਼ ਅਤੇ ਅਟੈਚ (ਜ਼ਬਤ) ਕਰਵਾਇਆ ਜਾ ਰਿਹਾ ਹੈ।
ਇਸ ਵੱਡੀ ਕਾਰਵਾਈ ਦੌਰਾਨ ਡੀ.ਐਸ.ਪੀ. ਬਚਨ ਸਿੰਘ, ਥਾਣਾ ਸਦਰ ਦੇ ਮੁੱਖ ਅਫ਼ਸਰ ਇੰਸਪੈਕਟਰ ਰਾਜਵੀਰ ਸਿੰਘ, ਬੀ.ਡੀ.ਪੀ.ਓ. ਬੋਹੜ ਸਿੰਘ ਅਤੇ ਸਿਵਲ ਪ੍ਰਸ਼ਾਸਨ ਦੇ ਕਈ ਹੋਰ ਉੱਚ ਅਧਿਕਾਰੀ ਵੀ ਮੌਕੇ ’ਤੇ ਹਾਜ਼ਰ ਸਨ।