ਜਨਗਣਨਾ ਦੌਰਾਨ ਆਪਣੀ ਪਛਾਣ ਸਹੀ ਦਰਜ ਕਰਵਾਏ ਜਾਵੇ : ਸੂਬੇ. ਗੰਧੜ
ਮੱਜ੍ਹਬੀ ਸਿੱਖ ਤੇ ਵਾਲਮੀਕਿ ਭਾਈਚਾਰਾ ਜਨਗਣਨਾ ਦੌਰਾਨ ਆਪਣੀ ਪਛਾਣ ਸਹੀ ਦਰਜ ਕਰਵਾਏ : ਸੂਬੇਦਾਰ ਜਸਵਿੰਦਰ ਸਿੰਘ ਗੰਧੜ
Publish Date: Fri, 08 May 2026 04:29 PM (IST)
Updated Date: Fri, 08 May 2026 04:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਲ ਇੰਡੀਆ ਮੱਜ੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ (ਰਾਜਨੀਤਿਕ ਵਿੰਗ) ਦੇ ਸੂਬਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਭਾਈਚਾਰੇ ਨੂੰ ਆਉਣ ਵਾਲੀ ਜਨਗਣਨਾ ਸਬੰਧੀ ਸੁਚੇਤ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਫਾਰਮ ਭਰਦੇ ਸਮੇਂ ਮੱਜ੍ਹਬੀ ਸਿੱਖ ਭਾਈਚਾਰੇ ਦੇ ਲੋਕ ਸਬੰਧਤ ਕਾਲਮ ਵਿੱਚ ਸਪੱਸ਼ਟ ਤੌਰ ਤੇ ‘ਮੱਜ੍ਹਬੀ ਸਿੱਖ’ ਹੀ ਲਿਖਵਾਉਣ। ਉਨ੍ਹਾਂ ਕਿਹਾ ਕਿ ਕਈ ਵਾਰ ਸਿਰਫ਼ ਮੱਜ੍ਹਬੀ ਲਿਖ ਦਿੱਤਾ ਜਾਂਦਾ ਹੈ, ਜੋ ਕਿ ਤਕਨੀਕੀ ਤੌਰ ਤੇ ਅਧੂਰਾ ਹੈ। ਇਸੇ ਤਰ੍ਹਾਂ ਵਾਲਮੀਕਿ ਭਾਈਚਾਰੇ ਦੇ ਲੋਕ ਆਪਣੇ ਕਾਲਮ ਵਿੱਚ ਸਪੱਸ਼ਟ ਰੂਪ ਵਿੱਚ ‘ਵਾਲਮੀਕਿ’ ਹੀ ਦਰਜ ਕਰਵਾਉਣ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਈ ਸਰਕਾਰੀ ਸੂਚੀਆਂ ਵਿੱਚ ਸਾਡੇ ਸਮਾਜ ਵਿਰੁੱਧ ਅਪਮਾਨਜਨਕ ਸ਼ਬਦ ਵਰਤੇ ਗਏ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਅਜਿਹੇ ਸ਼ਬਦ ਫਾਰਮ ਵਿੱਚ ਦਰਜ ਹੋਣ ਦਿੱਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਵਿੱਚ ਮੱਜ੍ਹਬੀ ਸਿੱਖਾਂ ਦੀਆਂ ਕੁਰਬਾਨੀਆਂ ਲਾਸਾਨੀ ਹਨ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ‘ਰੰਗਰੇਟੇ ਗੁਰੂ ਕੇ ਬੇਟੇ’ ਦਾ ਮਾਣ ਬਖ਼ਸ਼ਿਆ ਹੈ। ਇਸ ਮਾਣਮੱਤੇ ਇਤਿਹਾਸ ਨੂੰ ਸੰਭਾਲਦਿਆਂ ਸਾਨੂੰ ਆਪਣੀ ਅਬਾਦੀ ਦਾ ਘੇਰਾ ਸਹੀ ਰੂਪ ਵਿੱਚ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਅੰਤ ’ਚ ਕਿਹਾ ਕਿ ਰਾਜਨੀਤੀ ਦਾ ਅਸੂਲ ਹੈ ‘ਜਿੰਨੀ ਕਿਸੇ ਦੀ ਹਿੱਸੇਦਾਰੀ, ਓਨੀ ਉਸਦੀ ਭਾਗੀਦਾਰੀ।’ ਆਪਣੀ ਅਬਾਦੀ ਦੇ ਸਹੀ ਅੰਕੜੇ ਹੀ ਭਵਿੱਖ ਵਿੱਚ ਪੰਜਾਬ ਅੰਦਰ ਸਾਡੇ ਭਾਈਚਾਰੇ ਦਾ ਮੁੱਖ ਮੰਤਰੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੇ।