ਕਾਵਿ-ਸੰਗ੍ਰਹਿ 'ਜਲਵੇ ਕਵਿਤਾ ਦੇ' ਲੋਕ ਅਰਪਣ
ਲੋਕ ਸਹਿਤ ਅਕਾਦਮੀ ਮੋਗਾ ਵੱਲੋਂ
Publish Date: Mon, 11 May 2026 03:36 PM (IST)
Updated Date: Tue, 12 May 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਲੋਕ ਸਹਿਤ ਅਕਾਦਮੀ ਮੋਗਾ ਵੱਲੋਂ ਸੁਤੰਤਰਤਾ ਸੈਨਾਨੀ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਉੱਘੇ ਵਿਅੰਗਕਾਰ ਕੇਐੱਲ ਗਰਗ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਉਨ੍ਹਾਂ ਦੇ ਪ੍ਰਧਾਨਗੀ ਮੰਡਲ ਵਿਚ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ.ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫਸਰ, ਡਾ. ਸੁਰਜੀਤ ਬਰਾੜ ਘੋਲੀਆ, ਹਰਚਰਨ ਸਿੰਘ ਸੰਧੂ ਸਾਬਕਾ ਪੀਸੀਐੱਸ ਅਤੇ ਲੈਫ. ਕਰਨਲ ਬਾਬੂ ਸਿੰਘ ਸ਼ਾਮਲ ਸਨ। ਇਸ ਮੌਕੇ ਲੈਫ. ਕਰਨਲ ਬਾਬੂ ਸਿੰਘ ਵੱਲੋ ਲਿਖੀ ਕਵਿਤਾਵਾਂ ਦੀ ਕਿਤਾਬ ਜਲਵੇ ਕਵਿਤਾ ਦੇ ਜੋ ਸਵਰਗੀ ਪੂਜਨੀਕ ਮਾਤਾ ਭਗਵਾਨ ਕੌਰ ਨੂੰ ਸਪਰਪਿਤ ਪੁਸਤਕ ਲੋਕ ਅਰਪਣ ਕੀਤੀ ਗਈ। ਸਟੇਜ ਦੀ ਕਚਲਾਉਂਦੇ ਹੋਏ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਸ਼ੁਰੂਆਤੀ ਦੌਰ ਵਿਚ ਚਰਨਜੀਤ ਸਲ੍ਹੀਣਾ (ਕੈਨੇਡਾ) ਅਤੇ ਹਰਭਜਨ ਸਿੰਘ ਨਾਗਰਾ ਨੂੰ ਗੀਤਾਂ ਨਾਲ ਹਾਜ਼ਰੀ ਲਵਾਉਣ ਲਈ ਸੱਦਾ ਦਿੱਤਾ। ਸਮਾਗਮ ਨੂੰ ਰਸਮੀ ਤੌਰ ’ਤੇ ਅੱਗੇ ਵਧਾਉਂਦੇ ਹੋਏ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੇ ਕਰਨਲ ਬਾਬੂ ਸਿੰਘ ਦੀ ਕਿਤਾਬ ਜਲਵੇ ਕਵਿਤਾ ਦੇ ਨੂੰ ਵੰਨ-ਸੁਵੰਨਤਾ ਅਤੇ ਵੱਖ-ਵੱਖ ਵਿਸ਼ਿਆਂ ਨਾਲ ਭਰਪੂਰ ਦੱਸਦੇ ਹੋਏ ਕਿਹਾ ਕਿ ਇਸ ਦੀਆਂ ਸਾਰੀਆਂ ਕਵਿਤਾਵਾਂ ਛੰਦ ਬੱਧ ਹਨ ਅਤੇ ਇਹ ਇਹ ਸ਼ਾਇਰ ਦੀ ਖੂਬੀ ਹੈ ਕਿ ਉਹ ਅੱਜ ਵੀ ਪੰਜਾਬੀਅਤ ਨਾਲ ਭਰਪੂਰ ਕਵਿਤਾ ਦੀ ਸਿਰਜਣਾ ਕਰ ਰਿਹਾ ਹੈ। ਸਾਹਿਤਕਾਰ ਕੇਐੱਲ ਗਰਗ ਨੇ ਪ੍ਰਧਾਨਗੀ ਭਾਸ਼ਣ ਵਿਚ ਇਸ ਸੰਗ੍ਰਹਿ ਨੂੰ ਰਾਜਨੀਤੀ ਦੀਆਂ ਕੁਰੀਤੀਆਂ ਅਤੇ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਣ ਵਾਲਾ ਕਿਹਾ ਹੈ। ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਜਲਵੇ ਕਵਿਤਾ ਦੇ ਕਰਨਲ ਬਾਬੂ ਸਿੰਘ ਦੀ ਸੱਤਵੀਂ ਕਿਤਾਬ ਹੈ ਇਸ ਨੇ ਫੌਜ ਵਿਚ ਰਹਿ ਕੇ ਵੀ ਹਮੇਸ਼ਾ ਸੱਚ ਦਾ ਸਾਥ ਦਿੱਤਾ। ਡਾ.ਅਜੀਤਪਾਲ ਜਟਾਣਾ ਨੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਸਾਹਿਤ ਨੂੰ ਕਰਨਲ ਬਾਬੂ ਸਿੰਘ ਦੀ ਕਲਮ ਤੋਂ ਬਹੁਤ ਉਮੀਦਾਂ ਹਨ। ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਰਨਲ ਬਾਬੂ ਸਿੰਘ ਨੂੰ ਨਵੀਂ ਕਿਤਾਬ ਦੀ ਵਧਾਈ ਦਿੱਤੀ। ਕਵੀ ਦਰਬਾਰ ਵਿਚ ਜੰਗੀਰ ਸਿੰਘ ਖੋਖਰ, ਕੁਲਵਿੰਦਰ ਸਿੰਘ ਦਲਗੀਰ, ਸੋਨੂ ਸੁਲਤਾਨ, ਸੋਨੀ ਮੋਗਾ, ਗੁਰਮੇਲ ਬੌਡੇ, ਡਾ.ਅਜੀਤਪਾਲ ਜਟਾਣਾ, ਮਨਧੀਰ ਕੌਰ ਮਨੂੰ ਸੰਚਾਲਕ/ ਮਾਲਕ ਰੇਡੀਓ/ਟੀਵੀ ਆਪਣਾ ਵਿੰਨੀਪਿਗ ਕੈਨੇਡਾ ਨੇ ਹਿੱਸਾ ਲਿਆ। ਇਸ ਸਮੇਂ ਗਿਆਨ ਸਿੰਘ ਸਾਬਕਾ ਡੀਪੀਆਰਓ ਮੋਗਾ ਅਤੇ ਹੋਰ ਬਹੁਤ ਸਾਰੇ ਸਾਹਿਤਕਾਰ ਹਾਜ਼ਰ ਸਨ।