ਬੋਦੀ ਵਾਲਾ ਖੜਕ ਸਿੰਘ ਦੇ ਇੱਕ ਘਰ ’ਤੇ ਡਿੱਗੀ ਅਸਮਾਨੀ ਬਿਜਲੀ ਜਾਨੀ ਨੁਕਸਾਨ ਤੋਂ ਬਚਾਅ
ਬੋਦੀ ਵਾਲਾ ਖੜਕ ਸਿੰਘ ਦੇ ਇੱਕ ਘਰ ’ਤੇ ਡਿੱਗੀ ਅਸਮਾਨੀ ਬਿਜਲੀ ਜਾਨੀ ਨੁਕਸਾਨ ਤੋਂ ਬਚਾਅ
Publish Date: Sun, 07 Sep 2025 06:14 PM (IST)
Updated Date: Sun, 07 Sep 2025 06:16 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਪਿੰਡ ਬੋਦੀਵਾਲਾ ਖੜਕ ਸਿੰਘ ਦੇ ਵਾਸੀ ਬਲਜੀਤ ਸਿੰਘ ਬਰਾੜ ਦੇ ਚੁਬਾਰੇ ਉੱਤੇ ਤਕਰੀਬਨ 2 ਵਜੇ ਅਸਮਾਨੀ ਬਿਜਲੀ ਡਿੱਗ ਪਈ ਅਤੇ ਚੁਬਾਰੇ ਦੀ ਛੱਤ ਉਡਾ ਦਿੱਤੀ। ਬਿਜਲੀ ਦਾ ਇੰਨਾ ਖੜਾਕ ਸੀ ਕਿ ਆਸ ਪਾਸ ਦੇ ਘਰਾਂ ਦੀਆਂ ਕੰਧਾਂ ਕੰਬਣ ਲੱਗ ਪਈਆਂ। ਜਾਣਕਾਰੀ ਅਨੁਸਾਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਹਾਲ ਦੀ ਕੰਧ ਬਿਲਕੁਲ ਬਲਜੀਤ ਸਿੰਘ ਬਰਾੜ ਦੇ ਘਰ ਨਾਲ ਲੱਗਦੀ ਹੈ ਅਤੇ ਦੁਪਹਿਰ ਵੇਲੇ ਚੁਪੈਹਰਾ ਸਾਹਿਬ ਦਾ ਪਾਠ ਹੋ ਰਿਹਾ ਸੀ ਅਤੇ ਸੰਗਤ ਵੱਡੀ ਗਿਣਤੀ ’ਚ ਗੁਰਦੁਆਰਾ ਸਾਹਿਬ ਵਿੱਚ ਪਾਠ ਸੁਣ ਰਹੀ ਸੀ ਤਾਂ ਇੱਕ ਦਮ ਜਬਰਦਸਤ ਖੜਾਕ ਹੋਇਆ, ਜਦ ਬਾਹਰ ਆ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਦੇ ਘਰ ਚੁਬਾਰੇ ਉੱਤੇ ਬਿਜਲੀ ਨੇ ਆਪਣਾ ਕਹਿਰ ਵਰਤਾ ਦਿੱਤਾ ਸੀ। ਲੋਕਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਇਤਨੀ ਸ਼ਕਤੀ ਹੈ ਕਿ ਅਸਮਾਨੀ ਬਿਜਲੀ ਗੁਰਦੁਆਰਾ ਸਾਹਿਬ ਤੇ ਨਹੀਂ ਡਿੱਗੀ ਅਤੇ ਪਰਮਾਤਮਾ ਨੇ ਹੱਥ ਦੇ ਕੇ ਜੁੜ ਬੈਠੀ ਵੱਡੀ ਸੰਗਤ ਨੂੰ ਬਚਾ ਲਿਆ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਘਰ ਹੋਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਚੁਬਾਰੇ ’ਚ ਪਿਆ ਥੋੜਾ ਬਹੁਤਾ ਸਮਾਨ ਦਾ ਹੀ ਨੁਕਸਾਨ ਹੋਇਆ ਹੈ ਜੋ ਕਿ ਬਹੁਤ ਮਾਮੂਲੀ ਹੈ। ਲੋਕਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਸ਼ਕਤੀਮਾਨ ਗੁਰੂ ਹੈ ਅਤੇ ਹਰ ਇੱਕ ਦੀ ਰੱਖਿਆ ਕਰਦਾ ਹੈ ਪਰ ਅਸੀਂ ਆਪਣੇ ਗੁਰੂ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ ਲੋਕ ਕਹਿ ਰਹੇ ਸਨ ਕਿ ਸਾਡੇ ਪਿੰਡ ਤੇ ਪਰਮਾਤਮਾ ਹਮੇਸ਼ਾ ਹੀ ਮਿਹਰਬਾਨ ਹੁੰਦਾ ਹੈ ਇਸ ਲਈ ਪਰਮਾਤਮਾ ਹੱਥ ਦੇ ਕੇ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ ਜੋ ਕਿ ਇੱਕ ਪ੍ਰਤੱਖ ਪ੍ਰਮਾਣ ਹੈ। ਇਸਤੋਂ ਇਲਾਵਾ ਪਿੰਡ ਲੱਖੇਵਾਲੀ ਵਿਖੇ ਸ਼ੇਰ ਬਾਜ ਸਿੰਘ ਲੱਖੇਵਾਲੀ ਦੀ ਇਨਵਰਟਰ ’ਤੇ ਅਸਮਾਨੀ ਬਿਜਲੀ ਡਿੱਗ ਪਈ ਸਿਰਫ ਇਨਵਰਟਰ ਦਾ ਹੀ ਨੁਕਸਾਨ ਹੋਇਆ ਹੋਰ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।