ਖ਼ਰੀਦ ਕੇਂਦਰ ਖ਼ੁਖਰਾਣਾ ’ਚ ਅਨਾਜ ਦੀ ਲਿਫ਼ਟਿੰਗ ਸੁਸਤ
ਖ਼ਰੀਦ ਕੇਂਦਰ ਖ਼ੁਖਰਾਣਾ ਵਿਚ ਅਨਾਜ ਦੀ
Publish Date: Sun, 03 May 2026 03:37 PM (IST)
Updated Date: Mon, 04 May 2026 04:02 AM (IST)

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਘੱਲ ਕਲਾਂ: ਖ਼ਰੀਦ ਕੇਂਦਰ ਖ਼ੁਖਰਾਣਾ ਵਿਚ ਅਨਾਜ ਦੀ ਲਿਫ਼ਟਿੰਗ ਦੀ ਗਤੀ ਕਾਫ਼ੀ ਸੁਸਤ ਹੋਣ ਕਾਰਨ ਮਜ਼ਦੂਰਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਇਕ ਲੱਖ ਤੀਹ ਹਜ਼ਾਰ ਗੱਟਿਆਂ ਦੀ ਖ਼ਰੀਦ ਹੋਈ ਅਤੇ ਪੱਚੀ ਹਜ਼ਾਰ ਗੱਟਿਆਂ ਦੀ ਲਿਫ਼ਟਿੰਗ ਹੋਈ ਹੈ ਪਰੰਤੂ ਅਜੇ ਵੀ ਇਕ ਲੱਖ ਪੰਜ ਹਜ਼ਾਰ ਗੱਟੇ ਲਿਫ਼ਟਿੰਗ ਦੀ ਅਜੇ ਵੀ ਉਡੀਕ ’ਚ ਹਨ। ਲਫ਼ਟਿੰਗ ਵਿਚ ਦੇਰੀ ਕਾਰਨ ਮਜ਼ਦੂਰਾਂ ਨੂੰ ਘੰਟਿਆਂ ਤੱਕ ਉਡੀਕ ਕਰਨੀ ਪੈਂਦੀ ਹੈ ਤੇ ਖ਼ਰੀਦ ਕੇਂਦਰ ਵਿਚ 200 ਦੇ ਕਰੀਬ ਮਜ਼ਦੂਰ ਵਿਹਲਾ ਬੈਠਾ ਹੈ, ਜਿਨ੍ਹਾਂ ਦਾ ਇਕ ਬੰਦੇ ਦਾ ਰੋਜ਼ਾਨਾ ਖ਼ਰਚ 200 ਤੋਂ 300 ਰੁਪਏ ਹੈ, ਇਸ ਖ਼ਰੀਦ ਕੇਂਦਰ ਵਿਚ ਸਿਉਂਕ ਬਹੁਤ ਜ਼ਿਆਦਾ ਹੈ ਜਿਸ ਕਰਕੇ ਬਾਰਦਾਨਾਂ ਖ਼ਰਾਬ ਹੋ ਰਿਹਾ ਹੈ। ਇਹ ਪ੍ਰਗਟਾਵਾ ਖ਼ਰੀਦ ਕੇਂਦਰ ਪ੍ਰਧਾਨ ਬੂਟਾ ਸਿੰਘ ਆੜ੍ਹਤੀਏ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਵੇਲੇ ਕਣਕ ਦੀ ਖ਼ਰੀਦ ਕੀਤੀ ਗਈ ਸੀ ਉਸ ਵੇਲੇ ਕਣਕ ਦਾ ਮੌਸਚਰ 12 ਸੀ, ਜਿਹੜਾ ਕਿ ਘਟ ਕੇ 8 ਰਹਿ ਗਿਆ ਹੈ। ਜਿਸ ਕਰਕੇ ਹਰ ਇਕ ਗੱਟੇ ਵਿਚ 800 ਤੋਂ 900 ਗ੍ਰਾਮ ਵਜਨ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲੋਂ ਸਰਕਾਰ ਨੇ ਕਣਕ ਖ਼ਰੀਦ ਕੇ ਉਨ੍ਹਾਂ ਨੂੰ ਵੇਹਲੇ ਤਾਂ ਕਰ ਦਿੱਤਾ ਹੈ ਪਰੰਤੂ ਮੰਡੀ ’ਚ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ 72 ਘੰਟਿਆਂ ਦੇ ਬਾਅਦ ਮੰਡੀ ਮਜ਼ਦੂਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਪਰ ਹੁਣ ਇਹ ਵੀ ਮਜਬੂਰ ਹਨ। ਮਜ਼ਦੂਰਾਂ ਨੇ ਆਪਣੀਆਂ ਪ੍ਰੇਸ਼ਾਨੀਆਂ ਦੱਸਦਿਆਂ ਕਿਹਾ ਕਿ ਚੋਰੀ ਦਾ ਬਹੁਤ ਡਰ ਰਹਿੰਦਾ ਹੈ ਤੇ ਚੋਰੀ ਹੋ ਵੀ ਚੁੱਕੀ ਹੈ, ਜਿਸ ਕਰਕੇ ਰਾਤਾਂ ਨੂੰ ਸੌਣਾਂ ਵੀ ਔਖਾ ਹੋਇਆ ਪਿਆ ਹੈ। ਖ਼ਰਾਬ ਮੌਸਮ ਹੋਣ ਕਾਰਨ ਫ਼ਸਲ ਨੂੰ ਖ਼ਤਰਾ ਹੋਰ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਲਿਫ਼ਟਿੰਗ ਨਹੀਂ ਹੋਵੇਗੀ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਸਕਿਊਰਟੀ ਗਾਰਡ ਦਿੱਤੇ ਜਾਣ।