ਅਜੀਤਵਾਲ ਮੰਡੀ ’ਚ ਲਿਫਟਿੰਗ ਠੱਪ, ਆੜ੍ਹਤੀ ਪਰੇਸ਼ਾਨ
ਜਿੱਥੇ ਪੰਜਾਬ ਸਰਕਾਰ ਵੱਲੋਂ ਮੰਡੀਆਂ
Publish Date: Sat, 25 Apr 2026 03:52 PM (IST)
Updated Date: Sun, 26 Apr 2026 04:01 AM (IST)

ਅਵਤਾਰ ਸਿੰਘ ਪੰਜਾਬੀ ਜਾਗਰਣ ਅਜੀਤਵਾਲ: ਜਿੱਥੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿਚ ਕਣਕ ਦੀ ਫ਼ਸਲ ਆਉਣ ਤੋਂ ਲੈ ਕੇ ਉਸਦੀ ਖਰੀਦ ਤੱਕ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਪੂਰਾ ਭਰੋਸਾ ਦਿੱਤਾ ਜਾ ਰਿਹਾ ਹੈ, ਉੱਥੇ ਹੀ ਹਕੀਕਤ ਇਸ ਤੋਂ ਉਲਟ ਨਜ਼ਰ ਆ ਰਹੀ ਹੈ। ਦਾਣਾ ਮੰਡੀ ਅਜੀਤਵਾਲ ਦੇ ਆੜ੍ਹਤੀਆਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀਆਂ ਵਿਚ ਲਿਫਟਿੰਗ ਦਾ ਕੰਮ ਬਿਲਕੁਲ ਠੱਪ ਪਿਆ ਹੋਇਆ ਹੈ। ਵੱਧ ਗਰਮੀ ਕਾਰਨ ਉਨ੍ਹਾਂ ਵੱਲੋਂ ਖ਼ਰੀਦੀ ਗਈ ਕਣਕ ਦਾ ਮੌਇਸਚਰ (ਨਮੀ ਦਰ) ਘਟ ਰਿਹਾ ਹੈ, ਜਿਸ ਨਾਲ ਸਾਰਾ ਨੁਕਸਾਨ ਉਨ੍ਹਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਕਣਕ 12 ਫ਼ੀਸਦੀ ਮੌਇਸਚਰ ’ਤੇ ਖਰੀਦੀ ਸੀ ਪਰ ਹੁਣ ਇਹ ਘਟ ਕੇ ਲਗਭਗ 10 ਫ਼ੀਸਦੀ ਰਹਿ ਗਿਆ ਹੈ। ਇਸ ਤੋਂ ਇਲਾਵਾ ਟਰੱਕ ਯੂਨੀਅਨ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਮਜ਼ਦੂਰਾਂ ਦੀ ਕਮੀ ਕਾਰਨ ਆੜ੍ਹਤੀਆਂ ਨੂੰ ਸਟੈਕਿੰਗ ਲਈ ਵੱਖਰੀ ਕਟੌਤੀ ਦੇਣੀ ਪੈ ਰਹੀ ਹੈ, ਜਿਸ ਨਾਲ ਉਨ੍ਹਾਂ ’ਤੇ ਹੋਰ ਆਰਥਿਕ ਬੋਝ ਪੈ ਰਿਹਾ ਹੈ। ਇਸ ਸੰਬੰਧੀ ਆੜ੍ਹਤੀਆਂ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਬੇਨਤੀ ਵੀ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਇਸ ਕਾਰਨ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਆੜ੍ਹਤੀ ਬਲਜਿੰਦਰ ਸਿੰਘ ਚੂਹੜਚੱਕ, ਕੁਲਦੀਪ ਸਿੰਘ ਮਟਵਾਣੀ, ਸੰਦੀਪ ਕੁਮਾਰ ਲਵਲੀ, ਮੁਨੀਮ ਜੋਗਿੰਦਰ ਸਿੰਘ, ਮੁਨੀਮ ਪੰਮਾ ਸਿੰਘ ਅਤੇ ਮੁਨੀਮ ਮਨੀਸ਼ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ। ਜਦ ਇਸ ਸਬੰਧੀ ਏਜੰਸੀਆਂ ਦੇ ਇੰਸਪੈਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੱਲ ਤੋਂ ਚੌਲਾਂ ਦੀ ਸਟੈਕ ਅਤੇ ਸ਼ਪੈਸ਼ਲਾਂ ਦਾ ਕੰਮ ਬਿਲਕੁਲ ਬੰਦ ਕਰਵਾ ਦਿੱਤਾ ਗਿਆ ਹੈ ਹੁਣ ਲਗਾਤਾਰ ਮੰਡੀਆਂ ਵਿਚ ਲਿਫ਼ਟਿੰਗ ਕੀਤੀ ਜਾਵੇਗੀ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦਾਣਾ ਮੰਡੀ ਅਜੀਤਵਾਲ ਵਿਚ ਆੜ੍ਹਤੀ ਆਪਣੇ ਮੁੱਦੇ ਸਾਂਝੇ ਕਰਦੇ ਹੋਏ।