ਮੁਕਤਸਰ-ਭਾਗਸਰ ਰੋਡ ਦੀ ਮੁਰੰਮਤ ਲਈ ਖੇਤੀਬ ਮੰਤਰੀ ਨੂੰ ਭੇਜਿਆ ਪੱਤਰ
ਮੁਕਤਸਰ ਤੋਂ ਭਾਗਸਰ ਰੋਡ ਦੀ ਮੁਰੰਮਤ ਲਈ ਭੇਜਿਆ ਖੇਤੀਬਾੜੀ ਮੰਤਰੀ ਨੂੰ ਪੱਤਰ : ਜਸਵੰਤ ਸਿੰਘ ਬਰਾੜ
Publish Date: Fri, 15 May 2026 03:35 PM (IST)
Updated Date: Fri, 15 May 2026 03:36 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਤੋਂ ਭਾਗਸਰ ਤੱਕ ਜਾਣ ਵਾਲੀ ਸੜਕ ਜੋ ਕਿ ਬੀਤੇ ਸਮੇਂ ’ਚ ਹੜਾਂ ਕਾਰਨ ਟੁੱਟ ਗਈ ਸੀ। ਉਸਦੀ ਮੁਰੰਮਤ ਲਈ 272 ਲੱਖ ਦੇ ਕਰੀਬ ਕੰਮ ਦਾ ਅਸਟੀਮੇਟ ਪਾਸ ਹੋ ਗਿਆ ਹੈ। ਪਰ ਇਹ ਕੰਮ ਸਾਲ 2026-27 ਪਾਰਟ ਬੀ ਵਿਚ ਹਲਕਾ ਮੁਕਤਸਰ/ਮਲੋਟ ਅਧੀਨ ਹੈ। ਇਸ ਸਬੰਧ ’ਚ ਹੀ ਸਮਾਜ ਸੇਵੀ ਜਸਵੰਤ ਸਿੰਘ ਬਰਾੜ ਭਾਗਸਰ ਨੇ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਖੁਡੀਆਂ ਨੂੰ ਇੱਕ ਪੱਤਰ ਲਿਖ ਕੇ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਮੁਕਤਸਰ-ਪੰਨੀਵਾਲਾ ਰੋਡ ਬੰਦ ਹੈ ਅਤੇ ਹੁਣ ਵੀ ਮੁਕਤਸਰ ਬਾਈਪਾਸ ਤੋਂ ਗੋਨਿਆਣਾ ਗੇਟ ਤੱਕ 2 ਕਿਲੋਮੀਟਰ ਲੰਬਾ 4 ਮੀਟਰ ਡੂੰਘਾ ਸੀਵਰੇਜ ਪੈਣਾ ਹੈ ਅਤੇ ਸੜਕ ਨੇ ਬੰਦ ਹੀ ਰਹਿਣਾ ਹੈ। ਮੁਕਤਸਰ ਤੋਂ ਅਬੋਹਰ ਅਤੇ ਫਾਜ਼ਿਲਕਾ ਜਾਣ ਵਾਲੇ ਲੋਕ ਪਿਛਲੇ ਕਈ ਸਾਲਾਂ ਤੋਂ ਕੱਚਾ ਭਾਗਸਰ ਰੋਡ ਹੀ ਜਾਂਦੇ ਹਨ ਅਤੇ ਅੱਗੇ ਵੀ ਜਾਣਾ ਹੈ। ਇਸ ਸੜਕ ’ਤੇ ਹੀ ਕਈ ਅਨਾਜ ਮੰਡੀਆਂ ਭਾਗਸਰ, ਲੱਖੇਵਾਲੀ, ਸੰਮੇਵਾਲੀ, ਗੰਧੜ, ਚਿੱਬੜਾਂਵਾਲਾ, ਬਾਂਮ ਆਦਿ ਦਾ ਮਾਲ ਟਰੱਕਾਂ ਰਾਹੀਂ ਆਉਂਦਾ ਹੈ। ਇਸ ਲਈ ਇਹ ਇਲਾਕੇ ਦੀ ਮੁੱਖ ਸੜਕ ਹੈ। ਭਾਂਵੇ ਇਹ ਪਾਰਟੀ ਬੀ ਵਿਚ ਹੈ, ਪ੍ਰੰਤੂ ਇਸਨੂੰ ਵੱਡੇ ਹਿੱਤ ਵਿਚ ਸਾਰੇ ਇਲਾਕੇ ਦੀ ਆਵਾਜਾਈ ਲਈ ਮੁਰੰਮਤ ਕਰਕੇ ਪ੍ਰੀਮਿਕਸ ਪਾਉਣ ਨਾਲ ਲੋਕਾਂ ਨੂੰ ਸੁੱਖ ਮਿਲੇਗਾ ਅਤੇ ਸਰਕਾਰੀ ਅਨਾਜ ਦੀ ਢੋਆ ਢੋਆਈ ਅੱਗੇ ਝੋਨੇ ਤੱਕ ਵੀ ਹੋ ਸਕੇਗੀ। ਉਨ੍ਹਾਂ ਮੰਗ ਕੀਤੀ ਕਿ ਜਲਦ ਹੀ ਇਸ ਦਾ ਕੰਮ ਸ਼ਰੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਤੋਂ ਬਚਾਇਆ ਜਾ ਸਕੇ।