ਮੰਗਲਵਾਰ ਸ਼ਾਮ 5 ਵਜੇ ਨਗਰ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਮੰਗਲਵਾਰ ਸ਼ਾਮ 5 ਵਜੇ ਨਗਰ ਨਿਗਮ ਚੋਣਾਂ ਦੇ ਸੰਪੰਨ ਹੋਣ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿਚ ਚੱਲ ਰਹੀਆਂ ਚੋਣਾਂ ਦੀ ਗਹਿਮਾ-ਗਹਿਮੀ, ਰੈਲੀਆਂ, ਮੀਟਿੰਗਾਂ ਅਤੇ ਸਿਆਸੀ ਰੌਣਕਾਂ ਇੱਕਦਮ ਠੰਢੀਆਂ ਪੈ ਗਈਆਂ। ਜ਼ਿਕਰਯੋਗ ਹੈ ਕਿ ਕਰੀਬ ਵੀਹ ਦਿਨ ਤੱਕ ਸਵੇਰੇ ਤੜਕੇ ਤੋਂ ਲੈ ਕੇ ਦੇਰ ਰਾਤ ਤੱਕ ਚੱਲੇ ਤਿੱਖੇ ਚੋਣ ਪ੍ਰਚਾਰ ਤੋਂ ਬਾਅਦ ਹੁਣ ਸਿਆਸੀ ਆਗੂਆਂ ਨੇ ਕੁੱਝ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾ ਕੇ ਆਰਾਮ ਕਰਨ ਨੂੰ ਤਰਜ਼ੀਹ ਦਿੱਤੀ। ਇਸ ਵਾਰ ਨਗਰ ਨਿਗਮ ਚੋਣਾਂ ਵਿਚ ਮੁੱਖ ਸਿਆਸੀ ਧਿਰਾਂ ਦਰਮਿਆਨ ਕਾਫ਼ੀ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਦੀ ਅਗਵਾਈ ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਕੀਤੀ ਗਈ ਜਦਕਿ ਕਾਂਗਰਸ ਪਾਰਟੀ ਦੀ ਕਮਾਨ ਹਲਕਾ ਇੰਚਾਰਜ ਮਾਲਵਿਕਾ ਸੂਦ ਦੇ ਹੱਥ ਵਿਚ ਰਹੀ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਨੇ ਚੋਣ ਮੁਹਿੰਮ ਨੂੰ ਅੱਗੇ ਵਧਾਇਆ। ਪਿਛਲੇ ਕਰੀਬ ਤਿੰਨ ਹਫ਼ਤਿਆਂ ਦੌਰਾਨ ਇਹ ਸਾਰੇ ਆਗੂ ਲਗਾਤਾਰ ਵਰਕਰਾਂ ਨਾਲ ਮੀਟਿੰਗਾਂ, ਉਮੀਦਵਾਰਾਂ ਦੀ ਰਣਨੀਤੀ ਤਿਆਰ ਕਰਨ ਚੋਣਾਂ ਦੇ ਪ੍ਰਚਾਰ ਦੀ ਨਿਗਰਾਨੀ ਕਰਨ ਅਤੇ ਚੰਡੀਗੜ੍ਹ ਵਿਚ ਬੈਠੇ ਸੀਨੀਅਰ ਆਗੂਆਂ ਨਾਲ ਤਾਲਮੇਲ ਬਣਾਉਣ ਵਿਚ ਵਿਅਸਤ ਰਹੇ। ਚੋਣਾਂ ਦੇ ਸਮਾਪਤ ਹੋਣ ਉਪਰੰਤ ਬੁੱਧਵਾਰ ਨੂੰ ਇਹ ਆਗੂ ਕੁਝ ਹੱਦ ਤੱਕ ਚੋਣਾਂ ਦੇ ਤਣਾਅ ਤੋਂ ਦੂਰ ਨਜ਼ਰ ਆਏ ਅਤੇ ਆਪਣੇ-ਆਪਣੇ ਢੰਗ ਨਾਲ ਦਿਨ ਬਿਤਾਉਂਦੇ ਰਹੇ। ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਦੱਸਿਆ ਕਿ ਚੋਣਾਂ ਦੌਰਾਨ ਸਹਿਯੋਗ ਦੇਣ ਵਾਲੇ ਪ੍ਰਮੁੱਖ ਵਰਕਰਾਂ ਅਤੇ ਸਮਰਥਕਾਂ ਨੂੰ ਉਨ੍ਹਾਂ ਨੇ ਸਭ ਤੋਂ ਪਹਿਲਾਂ ਫ਼ੋਨ ਕਰਕੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਹੁਣ ਨਤੀਜਿਆਂ ਤੱਕ ਸਿਰਫ਼ ਇਕ ਦਿਨ ਬਾਕੀ ਹੈ ਅਤੇ ਸਾਰਿਆਂ ਨੂੰ ਨਗਰ ਨਿਗਮ ਮੈਂਬਰ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਚੋਣਾਂ ਦੇ ਰੁਝਾਨ ਕਾਰਨ ਕਾਫ਼ੀ ਦਿਨਾਂ ਤੋਂ ਉਹ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਨਹੀਂ ਦੇ ਸਕੇ ਸਨ। ਬੱਚਿਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹੋਣ ਕਰਕੇ ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਇਆ ਅਤੇ ਘਰ ਦੇ ਕਈ ਬਕਾਇਆ ਕੰਮ ਵੀ ਨਿਪਟਾਏ। ਉਨ੍ਹਾਂ ਦੱਸਿਆ ਕਿ ਕੁੱਝ ਲੋਕ ਆਪਣੇ ਜ਼ਰੂਰੀ ਕੰਮ ਸਬੰਧੀ ਮਸਲਿਆਂ ਨੂੰ ਲੈ ਕੇ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ, ਜਿਨ੍ਹਾਂ ਦੇ ਕੰਮ ਤੁਰੰਤ ਕਰਵਾਏ ਗਏ। ਮਾਲਵਿਕਾ ਸੂਦ ਨੇ ਕਿਹਾ ਕਿ ਕਾਫੀ ਦਿਨਾਂ ਬਾਅਦ ਪੂਰਾ ਦਿਨ ਪਰਿਵਾਰ ਨਾਲ ਬਿਤਾਉਣ ਦਾ ਮੌਕਾ ਮਿਲਿਆ, ਜਿਸ ਨਾਲ ਮਨ ਨੂੰ ਵੱਡੀ ਤਸੱਲੀ ਅਤੇ ਖੁਸ਼ੀ ਮਹਿਸੂਸ ਹੋਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਦੱਸਿਆ ਕਿ ਚੋਣਾਂ ਦੌਰਾਨ ਦੌੜ-ਭੱਜ ਕਾਰਨ ਕਾਫੀ ਥਕਾਵਟ ਮਹਿਸੂਸ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਬੁੱਧਵਾਰ ਸਵੇਰੇ ਕਰੀਬ 7 ਵਜੇ ਉਹ ਜਾਗੇ ਅਤੇ ਕੁੱਝ ਸਮਾਂ ਧਾਰਮਿਕ ਪੌਡਕਾਸਟ ਸੁਣਨ ਅਤੇ ਖ਼ਬਰਾਂ ਦੇਖਣ ਵਿਚ ਬਿਤਾਇਆ। ਇਸ ਤੋਂ ਬਾਅਦ ਉਹ ਮੁੜ ਆਰਾਮ ਕਰਨ ਲਈ ਸੋ ਗਏ ਅਤੇ ਕਰੀਬ 11:30 ਵਜੇ ਉੱਠੇ। ਉਨ੍ਹਾਂ ਦੱਸਿਆ ਕਿ ਕੁਝ ਸਮਾਜਿਕ ਪ੍ਰੋਗਰਾਮਾਂ ਵਿਚ ਜਾਣ ਦਾ ਵੀ ਪ੍ਰੋਗਰਾਮ ਸੀ ਪਰ ਲਗਾਤਾਰ ਚੱਲੇ ਚੋਣ ਪ੍ਰਚਾਰ ਕਾਰਨ ਸਰੀਰਕ ਥਕਾਵਟ ਹੋਣ ਕਰਕੇ ਉਹ ਉੱਥੇ ਨਹੀਂ ਜਾ ਸਕੇ। ਘਰ ਵਿਚ ਪਰਿਵਾਰ ਨਾਲ ਭੋਜਨ ਕਰਨ ਤੋਂ ਬਾਅਦ ਉਹ ਭਾਜਪਾ ਦਫ਼ਤਰ ਪਹੁੰਚੇ। ਡਾ. ਹਰਜੋਤ ਕਮਲ ਨੇ ਹੱਸਦਿਆਂ ਦੱਸਿਆ ਕਿ ਚੋਣਾਂ ਦੇ ਦਿਨਾਂ ਦੌਰਾਨ ਲਗਾਤਾਰ ਵਰਕਰਾਂ ਦੀ ਆਵਾਜਾਈ ਰਹਿਣ ਕਾਰਨ ਦਫ਼ਤਰ ਵਿਚ ਗੈਸ ਸਿਲੰਡਰ, ਚਾਹ ਪੱਤੀ ਅਤੇ ਚੀਨੀ ਵਰਗਾ ਸਮਾਨ ਵੀ ਖ਼ਤਮ ਹੋ ਗਿਆ ਸੀ, ਜਿਸ ਨੂੰ ਉਹ ਆਪਣੇ ਨਾਲ ਲੈ ਕੇ ਪਹੁੰਚੇ। ਇਸ ਦੌਰਾਨ ਭਾਜਪਾ ਆਗੂ ਰਾਕੇਸ਼ ਸ਼ਰਮਾ, ਅਨਿਲ ਬਾਂਸਲ, ਰਾਜਪਾਲ ਠਾਕੁਰ ਅਤੇ ਨਿਧੜਕ ਸਿੰਘ ਬਰਾੜ ਨਾਲ ਮਿਲ ਕੇ ਉਨ੍ਹਾਂ ਨੇ ਚੋਣਾਂ ਦੀ ਸਥਿਤੀ, ਵੋਟਿੰਗ ਰੁਝਾਨ ਅਤੇ ਸੰਭਾਵੀ ਨਤੀਜਿਆਂ ਨੂੰ ਲੈ ਕੇ ਲੰਮੀ ਚਰਚਾ ਕੀਤੀ। ਆਗੂਆਂ ਵੱਲੋਂ ਆਪਣੇ-ਆਪਣੇ ਅੰਦਾਜੇ ਲਗਾਏ ਜਾਂਦੇ ਰਹੇ ਅਤੇ ਨਤੀਜਿਆਂ ਨੂੰ ਲੈ ਕੇ ਸਾਫ਼ ਤੌਰ ’ਤੇ ਦੇਖਣ ਨੂੰ ਮਿਲੀ। ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਧਿਰਾਂ ਦੀ ਨਜ਼ਰ ਨਤੀਜਿਆਂ ’ਤੇ ਟਿਕੀਆਂ ਹੋਈਆਂ । ਸ਼ਹਿਰ ਦੇ ਸਿਆਸੀ ਗਲਿਆਰਿਆਂ ’ਚ ਜਿੱਤ-ਹਾਰ ਨੂੰ ਲੈ ਕੇ ਚਰਚਾਵਾਂ ਦਾ ਦੌਰ ਜਾਰੀ ਹੈ। ਵਰਕਰਾਂ ਅਤੇ ਉਮੀਦਵਾਰਾਂ ਵਿਚ ਵੀ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।