ਭਾਜਪਾ ਆਗੂਆਂ ਨੇ ਭਾਜਪਾ ’ਚ ਸ਼ਾਮਿਲ ਸੱਤ ਰਾਜ ਸਭਾ ਸਾਂਸਦਾਂ ਦਾ ਕੀਤਾ ਸਵਾਗਤ

ਭਾਜਪਾ ਆਗੂਆਂ ਨੇ ਭਾਜਪਾ ’ਚ ਸ਼ਾਮਿਲ ਸੱਤ ਰਾਜ ਸਭਾ ਸਾਂਸਦਾਂ ਦਾ ਕੀਤਾ ਸਵਾਗਤ
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਸੰਦੀਪ ਕੁਮਾਰ ‘ਟੋਨੀ ਸ਼ਰਮਾ’ ਜੈਤੋ, ਭਾਰਤੀ ਜਨਤਾ ਪਾਰਟੀ ਐੱਸ.ਸੀ. ਮੋਰਚਾ ਪੰਜਾਬ ਦੇ ਸਕੱਤਰ ਜਸਪਾਲ ਸਿੰਘ ਪੰਜਗਰਾਈਂ ਅਤੇ ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਰਾਮ ਅਵਤਾਰ ਵਰਮਾ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ ਸੱਤ ਰਾਜ ਸਭਾ ਸਾਂਸਦਾਂ ਦਾ ਦਿਲੋਂ ਸਵਾਗਤ ਕੀਤਾ ਹੈ। ਉਨ੍ਹਾਂ ਇਸ ਕਦਮ ਨੂੰ ਜਨਹਿਤ, ਵਿਕਾਸ ਅਤੇ ਰਾਸ਼ਟਰਹਿਤ ਦੀ ਰਾਜਨੀਤੀ ਨੂੰ ਮਜ਼ਬੂਤ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦਾ ਭਾਜਪਾ ਨਾਲ ਜੁੜਨਾ ਇਹ ਦਰਸਾਉਂਦਾ ਹੈ ਕਿ ਦੇਸ਼ ਅਤੇ ਪੰਜਾਬ ਦੀ ਭਲਾਈ ਲਈ ਸਮਰਪਿਤ ਲੋਕ ਹੁਣ ਵਿਕਾਸਵਾਦੀ ਸੋਚ ਨਾਲ ਅੱਗੇ ਵਧਣਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਿਆਸੀ ਬਦਲਾਅ ਨਾਲ ਆਮ ਆਦਮੀ ਪਾਰਟੀ ਦੀ ਕੁਸ਼ਾਸਨ ਵਾਲੀ ਨੀਤੀ ਵੀ ਬੇਨਕਾਬ ਹੋ ਗਈ ਹੈ।
ਭਾਜਪਾ ਆਗੂਆਂ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਠੀਕ ਸਮੇਂ ਅਜਿਹੀ ਵਿਚਾਰਧਾਰਾ ਦੀ ਚੋਣ ਕੀਤੀ ਹੈ ਜੋ ਦੇਸ਼ਹਿਤ, ਸੁਸ਼ਾਸਨ ਅਤੇ ਵਿਕਾਸ ਨੂੰ ਤਰਜੀਹ ਦਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਦੀ ਸਭ ਤੋਂ ਭਰੋਸੇਮੰਦ ਸਿਆਸੀ ਤਾਕਤ ਬਣ ਚੁੱਕੀ ਹੈ ਅਤੇ ਇਸ ਦੀ ਅਗਵਾਈ ਹੇਠ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਨਵੀਂ ਦਿਸ਼ਾ ਅਤੇ ਮਜ਼ਬੂਤ ਅਗਵਾਈ ਦੀ ਉਮੀਦ ਕਰ ਰਹੇ ਹਨ। ਰਾਜ ਸਭਾ ਸਾਂਸਦਾਂ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਇਸ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਜਨਹਿਤ ਨੂੰ ਤਰਜੀਹ ਨਹੀਂ ਮਿਲਦੀ ਤਾਂ ਇਮਾਨਦਾਰ ਅਤੇ ਸੰਵੇਦਨਸ਼ੀਲ ਲੋਕ ਹਮੇਸ਼ਾ ਬਿਹਤਰ ਵਿਕਲਪ ਚੁਣਦੇ ਹਨ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਵੀ ਸਰਾਹਨਾ ਕਰਦਿਆਂ ਕਿਹਾ ਕਿ ਦੇਸ਼ ਨੇ ਵਿਕਾਸ, ਸੁਰੱਖਿਆ ਅਤੇ ਸੁਸ਼ਾਸਨ ਦੇ ਨਵੇਂ ਮਾਪਦੰਡ ਸਥਾਪਤ ਕੀਤੇ ਹਨ। ਇਸੇ ਕਾਰਨ ਵੱਖ-ਵੱਖ ਖੇਤਰਾਂ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਜੁੜ ਰਹੇ ਹਨ। ਭਾਜਪਾ ਆਗੂਆਂ ਨੇ ਵਿਸ਼ਵਾਸ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀ ਜਨਤਾ ਵਿਕਾਸ, ਪਾਰਦਰਸ਼ਤਾ ਅਤੇ ਜਨਸੇਵਾ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਜਪਾ ਨੂੰ ਸਮਰਥਨ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨੇਤ੍ਰਿਤਵ ਹੇਠ ਸੂਬੇ ਵਿਚ ਰੋਜ਼ਗਾਰ ਦੇ ਮੌਕੇ ਵਧਣਗੇ, ਕਿਸਾਨਾਂ ਦੇ ਹਿੱਤ ਸੁਰੱਖਿਅਤ ਹੋਣਗੇ ਅਤੇ ਕਾਨੂੰਨ-ਵਿਵਸਥਾ ਵਿਚ ਸੁਧਾਰ ਆਵੇਗਾ। ਅਖ਼ੀਰ ਵਿਚ ਸੰਦੀਪ ਕੁਮਾਰ ‘ਟੋਨੀ ਸ਼ਰਮਾ’, ਜਸਪਾਲ ਸਿੰਘ ਪੰਜਗਰਾਈਂ ਅਤੇ ਰਾਮ ਅਵਤਾਰ ਵਰਮਾ ਨੇ ਕਿਹਾ ਕਿ ਸੱਤਾਂ ਸਾਂਸਦਾਂ ਦਾ ਭਾਜਪਾ ਵਿਚ ਸਵਾਗਤ ਸਿਰਫ਼ ਸਿਆਸੀ ਕਾਰਵਾਈ ਨਹੀਂ, ਸਗੋਂ ਪੰਜਾਬ ਦੇ ਉਜਲੇ ਭਵਿੱਖ ਵੱਲ ਇੱਕ ਅਹਿਮ ਕਦਮ ਹੈ, ਜੋ ਸੂਬੇ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਵੇਗਾ।