ਨੈਸਲੇ ਠੇਕੇਦਾਰ ਲੇਬਰ ਯੂਨੀਅਨ ਨੇ ਮਜ਼ਦੂਰ ਦਿਹਾੜਾ ਮਨਾਇਆ
ਅੱਜ ਇੱਥੇ ਨੈਸਲੇ ਠੇਕੇਦਾਰ ਲੇਬਰ
Publish Date: Fri, 01 May 2026 03:53 PM (IST)
Updated Date: Sat, 02 May 2026 04:02 AM (IST)

ਵਕੀਲ ਮਹਿਰੋਂ, ਨਿੱਜੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਅੱਜ ਇੱਥੇ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦਫ਼ਤਰ ਵਿਚ ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਅਤੇ ਜਨਰਲ ਸਕੱਤਰ ਅਰੁਣ ਬੋਹਤ ਅਤੇ ਖਜਾਨਚੀ ਨਰਿੰਦਰ ਸਿੰਘ ਬਲਖੰਡੀ ਦੀ ਪ੍ਰਧਾਨਗੀ ਵਿਚ ਮਜ਼ਦੂਰ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਅਦਾ ਕੀਤੀ। ਇਸ ਮੌਕੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ, ਐੱਲਪੀਜੀ ਗੈਸ ਸਪਲਾਈ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਮ ਬਚਨ ਰਾਓ ਬਤੋਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੇ 1886 ਵਿਚ ਮਜ਼ਦੂਰਾਂ ਦੇ ਅਧਿਕਾਰਾਂ ਖ਼ਾਤਰ ਸ਼ਹੀਦ ਹੋਏ ਮਜ਼ਦੂਰਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਇਸ ਮੌਕੇ ਧੀਰ ਨੇ ਕਿਹਾ ਕਿ ਮਜ਼ਦੂਰਾਂ ਨੂੰ ਦਰਪੇਸ਼ ਚੁਣੌਤੀਆਂ ਨਾਲ ਨਿਪਟਣ ਲਈ ਵੱਡੇ ਮਜ਼ਦੂਰ ਸੰਘਰਸ਼ ਨੂੰ ਖੜਾ ਕਰਨ ਦਾ ਸੰਕਲਪ ਕਰਨ ਦਾ ਦਿਨ ਅੱਜ ਦਾ ਮਜ਼ਦੂਰ ਦਿਵਸ ਹੈ। ਇਸ ਮੌਕੇ ਐੱਲਪੀਜੀ ਗੈਸ ਸਪਲਾਈ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਾਮ ਬਚਨ ਰਾਓ ਨੇ ਕਿਹਾ ਕਿ ਠੇਕਾ ਸਿਸਟਮ ਰਾਹੀਂ ਮੁਲਾਜ਼ਮਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਇਸ ਮੌਕੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਪਰਵਾਸੀ ਮਜ਼ਦੂਰ ਪੰਜਾਬ ਦੀ ਆਰਥਿਕਤਾ ਦਾ ਧੁਰਾ ਬਣਿਆ ਹੋਇਆ ਹੈ, ਉਨ੍ਹਾਂ ਕਿਹਾ ਕਿ ਕੇਵਲ ਭੱਠਾ ਇੰਡਸਟਰੀ ਹੀ ਨਹੀਂ ਬਲਕਿ ਹਰ ਅਦਾਰੇ ਵਿਚ ਪਰਵਾਸੀ ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ ਹੈ। ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਸ਼ੋਸਣ ਰੋਕਣ ਲਈ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਪ੍ਰਵਾਸੀ ਮਜ਼ਦੂਰਾਂ ਲਈ ਇਕ ਆਸ ਦੀ ਕਿਰਨ ਬਣ ਕੇ ਨਿੱਤਰੀ ਹੈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਮੇ ਵਾਲਾ, ਜਨਰਲ ਸਕੱਤਰ ਮੇਜਰ ਸਿੰਘ ਲੰਡੇ ਕੇ, ਪ੍ਰਾਈਵੇਟ ਸਕੂਲ ਬੱਸ ਡਰਾਈਵਰ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਕਾਲਾ, ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਅਤੇ ਅਹੁਦੇਦਾਰ ਅਰੁਣ ਬੋਹਤ ਜਨਰਲ ਸਕੱਤਰ, ਅਮਰ ਸਿੰਘ, ਮਾਲਵਾ ਰੇਹੜੀ ਵਰਕਰ ਯੂਨੀਅਨ ਤੋਂ ਪਵਨ ਕੁਮਾਰ, ਸੁਖਵਿੰਦਰ ਸਿੰਘ, ਮਨੋਜ ਕੁਮਾਰ ਮੱਖਣ ਗੁਪਤਾ, ਪਿਆਰਾ ਸਿੰਘ, ਪਰਸ਼ੋਤਮ ਲਾਲ, ਗੁਪਤਾ ਕੁਲਚੇ ਵਾਲਾ, ਗੋਲੂ ਅਤੇ ਰਾਮ ਪਾਲ ਹਾਜ਼ਰ ਸਨ।