ਮੋਗਾ ਡਿਪੂ ’ਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ
ਪਹਿਲੀ ਮਈ ਮਜ਼ਦੂਰ ਦਿਹਾੜੇ
Publish Date: Fri, 01 May 2026 03:38 PM (IST)
Updated Date: Sat, 02 May 2026 04:02 AM (IST)

ਵਕੀਲ ਮਹਿਰੋਂ, ਨਿੱਜੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਪਹਿਲੀ ਮਈ ਮਜ਼ਦੂਰ ਦਿਹਾੜੇ ਦੇ ਮੌਕੇ ’ਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਬਰਾਂਚ ਮੋਗਾ ਵੱਲੋਂ ਡਿੱਪੂ ਗੇਟ ’ਤੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜਬੀਰ ਸਿੰਘ, ਸਕੱਤਰ ਮਨਦੀਪ ਮਖੂ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿਵੀਆ ਅਤੇ ਹੋਰ ਸਾਥੀਆਂ ਵੱਲੋਂ ਝੰਡਾ ਝੁਲਾਕੇ ਮਜ਼ਦੂਰ ਦਿਹਾੜੇ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਸਮਾਗਮ ਦੌਰਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸੂਬਾ ਸਕੱਤਰ ਗੁਰਜੰਟ ਕੋਕਰੀ ਅਤੇ ਸੁਰਿੰਦਰ ਬਰਾੜ ਨੇ ਕਿਹਾ ਕਿ ਮਜ਼ਦੂਰ ਦਿਹਾੜਾ ਸਿਰਫ਼ ਇਕ ਦਿਨ ਨਹੀਂ, ਸਗੋਂ ਕਿਰਤੀ ਵਰਗ ਦੀ ਲੰਮੀ ਲੜਾਈ ਅਤੇ ਕੁਰਬਾਨੀਆਂ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਦੁਨੀਆ ਭਰ ਦੇ ਕਿਰਤੀ ਕਾਮਿਆਂ ਨੂੰ ਇਸ ਦਿਹਾੜੇ ਦੀ ਅਸਲ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਨੇ ਵਧਦੀ ਆਬਾਦੀ ਅਤੇ ਬੇਰੁਜ਼ਗਾਰੀ ਨੂੰ ਧਿਆਨ ਵਿਚ ਰੱਖਦਿਆਂ ਕੰਮ ਦੇ ਘੰਟੇ ਘੱਟ ਕਰਨ ਦੀ ਮੰਗ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਆਗੂਆਂ ਨੇ ਅਫ਼ਸੋਸ ਜਤਾਇਆ ਕਿ ਸਰਕਾਰਾਂ ਵੱਲੋਂ 8 ਘੰਟਿਆਂ ਦੀ ਦਿਹਾੜੀ ਨੂੰ ਵਧਾ ਕੇ 12 ਘੰਟੇ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਮਜ਼ਦੂਰ ਵਰਗ ਦੇ ਹਿੱਤਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਸਾਰੇ ਕਿਰਤੀ ਵਰਗ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਫ਼ੈਸਲਿਆਂ ਦਾ ਡਟ ਕੇ ਵਿਰੋਧ ਕੀਤਾ ਜਾਵੇ। ਆਗੂਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਵਧ ਰਹੀਆਂ ਖ਼ੁਦਕੁਸ਼ੀਆਂ ’ਤੇ ਵੀ ਗੰਭੀਰ ਚਿੰਤਾ ਜਤਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਕ ਪਾਸੇ ਆਮ ਲੋਕ ਕਰਜ਼ੇ ਹੇਠਾਂ ਦਬੇ ਹੋਏ ਹਨ, ਜਦਕਿ ਦੂਜੇ ਪਾਸੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਹਨ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਰੋਡਵੇਜ਼ ਵਿਭਾਗ ਨੂੰ ਅਣਡਿੱਠਾ ਕਰਨ ਦੀ ਵੀ ਨਿੰਦਾ ਕੀਤੀ। ਆਗੂਆਂ ਨੇ ਲੋਕਾਂ ਨੂੰ ਆਪਣੀ ਵੋਟ ਦੀ ਤਾਕਤ ਨੂੰ ਸਮਝਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਜਾਗਰੂਕਤਾ ਜਰੂਰੀ ਹੈ। ਸਮਾਗਮ ਦੇ ਅੰਤ ਵਿਚ ਮੋਗਾ ਡਿੱਪੂ ਦੇ ਸਮੂਹ ਕਾਮਿਆਂ ਵੱਲੋਂ ਮਜ਼ਦੂਰ ਹੱਕਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਇਸ ਮੌਕੇ ਕੈਸ਼ੀਅਰ ਗੁਰਪ੍ਰੀਤ ਧੂੜ ਵੱਲੋਂ ਸਟੇਜ ਕਾਰਵਾਈ ਸੰਭਾਲੀ ਗਈ। ਇਸ ਸਮਾਗਮ ਵਿਚ ਹਰਮੀਤ ਬਰਾੜ, ਮਨਪ੍ਰੀਤ ਸਿੰਘ, ਰਣਬੀਰ ਰਾਣਾ, ਬਲਰਾਜ ਸਿੰਘ, ਸੁਖਜੰਟ ਸਿੰਘ, ਸਤਪਾਲ ਭਿੰਡਰ ਸਮੇਤ ਕਈ ਪੈਨਸ਼ਨਰ ਸਾਥੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ।