ਕੋਟਲੀ ਸੰਘਰ ਦੀ ਅਨਾਜ ਮੰਡੀ ਕਣਕ ਨਾਲ ਨੱਕੋ-ਨੱਕ ਭਰੀ, ਕਿਸਾਨ ਫ਼ਸਲ ਘਰਾਂ ’ਚ ਸੁੱਟਣ ਲਈ ਮਜ਼ਬੂਰ

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਪਹਿਲੀ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਕੀਤੇ ਦਾਅਵੇ ਪਿੰਡ ਕੋਟਲੀ ਸੰਘਰ ਦੇ ਫੋਕਲ ਪੁਆਇੰਟ (ਅਨਾਜ ਮੰਡੀ) ’ਚ ਖੋਖਲੇ ਸਾਬਤ ਹੋ ਰਹੇ ਹਨ। ਖ਼ਰੀਦ ਪ੍ਰਬੰਧਾਂ ’ਚ ਦੇਰੀ ਹੋਣ ਕਾਰਨ ਹਾਲਾਤ ਇਹ ਹਨ ਕਿ ਮੰਡੀ ਕਣਕ ਦੀਆਂ ਢੇਰੀਆਂ ਨਾਲ ਨੱਕੋ-ਨੱਕ ਭਰ ਚੁੱਕੀ ਹੈ। ਮੰਡੀ ’ਚ ਜਗ੍ਹਾ ਨਾ ਹੋਣ ਕਾਰਨ ਹੁਣ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਖੇਤਾਂ ਵਿੱਚੋਂ ਵੱਢ ਕੇ ਮੰਡੀ ਲਿਆਉਣ ਦੀ ਬਜਾਏ ਘਰਾਂ ਵਿੱਚ ਸੁੱਟਣ ਲਈ ਮਜ਼ਬੂਰ ਹਨ। ਮੰਡੀ ’ਚ ਫ਼ਸਲ ਲੈ ਕੇ ਆਏ ਕਿਸਾਨ ਪਿਆਰਾ ਸਿੰਘ, ਬਾਗ ਸਿੰਘ, ਕਾਕਾ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਸਰਕਾਰੀ ਖ਼ਰੀਦ 01 ਅਪ੍ਰੈਲ ਤੋਂ ਸ਼ੁਰੂ ਹੋਣੀ ਸੀ, ਪਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਮਹਿਜ਼ ਦੋ ਦਿਨ ਪਹਿਲਾਂ ਹੀ ਭਾਅ ਲਾਉਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੰਡੀ ਪੂਰੀ ਤਰ੍ਹਾਂ ਭਰ ਜਾਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਥਾਂ ਨਹੀਂ ਬਚੀ। ਅੱਗੇ ਝੋਨੇ ਦੀ ਬਿਜਾਈ ਅਤੇ ਤੂੜੀ ਸਾਂਭਣ ਦਾ ਸੀਜ਼ਨ ਸਿਰ 'ਤੇ ਹੈ, ਪਰ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹਨ। ਹਰਪਾਲ ਸਿੰਘ ਕੋਟਲੀ ਸੰਘਰ ਸਾਬਕਾ ਸਰਪੰਚ ਤੇ ਅਕਾਲੀ ਆਗੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸਾਨ ਇਸ ਕਦਰ ਮੰਡੀਆਂ ’ਚ ਖ਼ੁਆਰ ਹੋ ਰਿਹਾ ਹੈ। 19 ਦਿਨ ਬੀਤ ਜਾਣ ਦੇ ਬਾਵਜੂਦ ਲਿਫਟਿੰਗ ਨਾ ਹੋਣਾ 'ਆਪ' ਸਰਕਾਰ ਦੇ ਨਿਕੰਮੇ ਪ੍ਰਬੰਧਾਂ ਦੀ ਮੂੰਹ ਬੋਲਦੀ ਤਸਵੀਰ ਹੈ।
ਖੁੱਲ੍ਹੇ ’ਚ ਭਿੱਜ ਰਹੀ ਕਣਕ
ਜਸਵੰਤ ਸਿੰਘ ਜ਼ਿਲ੍ਹਾ ਸਕੱਤਰ, ਬੀਕੇਯੂ. ਕਾਦੀਆਂ ਨੇ ਕਿਹਾ ਕਿ ਭਾਅ ’ਚ ਦੇਰੀ ਕਾਰਨ ਮੰਡੀ ਪੂਰੀ ਤਰ੍ਹਾਂ ਭਰ ਗਈ ਹੈ ਤੇ ਕਿਸਾਨ ਹੁਣ ਘਰਾਂ ’ਚ ਕਣਕ ਸੁੱਟਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ’ਚ ਤੇਜੀ ਲਿਆਂਦੀ ਜਾਵੇ ਤਾਂ ਜੋ ਕਿਸਾਨ ਘਰਾਂ ’ਚ ਕਣਕ ਸੁੱਟ ਕੇ ਬੈਠੇ ਹਨ ਉਹ ਮੰਡੀ ’ਚ ਲਿਆ ਸਕਣ ਤੇ ਸਮੇਂ ਸਿਰ ਕਣਕ ਵੇਚ ਕੇ ਫ਼ਸਲ ਦੀ ਅਗਲੀ ਬਿਜਾਈ ਦੀ ਤਿਆਰੀ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਫੋਕਲ ਪੁਆਇੰਟਾਂ 'ਤੇ ਸ਼ੈੱਡ ਨਾ ਹੋਣ ਕਾਰਨ ਮੀਂਹ ਪੈਣ 'ਤੇ ਫ਼ਸਲ ਭਿੱਜ ਜਾਂਦੀ ਹੈ, ਜਿਸ ਨਾਲ ਨਮੀ ਵੱਧਦੀ ਹੈ ਅਤੇ ਖ਼ਰੀਦ ’ਚ ਦਿੱਕਤ ਆਉਂਦੀ ਹੈ। ਸਰਕਾਰ ਨੂੰ ਇੱਥੇ ਪੱਕੇ ਸ਼ੈੱਡ, ਆਰਜੀ ਦੀ ਬਜਾਏ ਪੱਕੇ ਤੌਰ ’ਤੇ ਪਖਾਨੇ ਅਤੇ ਸਫ਼ਾਈ ਕਰਮਚਾਰੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਜੋ ਕਣਕ ਤੁਲ ਚੁੱਕੀ ਹੈ, ਉਸਨੂੰ ਤੁਰੰਤ ਚੁੱਕਿਆ ਜਾਵੇ
ਬਲਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਜੋ ਕਣਕ ਤੁਲ ਚੁੱਕੀ ਹੈ, ਉਸਨੂੰ ਤੁਰੰਤ ਚੁੱਕਿਆ ਜਾਵੇ ਤਾਂ ਜੋ ਨਵੀਂ ਫ਼ਸਲ ਲਈ ਜਗ੍ਹਾ ਬਣ ਸਕੇ ਅਤੇ ਕਿਸਾਨ ਅਗਲੀ ਖੇਤੀ ਦੀ ਤਿਆਰੀ ਕਰ ਸਕਣ। ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ’ਚ ਕਿਸਾਨਾਂ ਦੀ ਕਣਕ ਜਲਦ ਤੋਂ ਜਲਦ ਖਰੀਦ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਕਿਸਾਨ ਅਗਲੀ ਫ਼ਸਲ ਦੀ ਤਿਆਰੀ ਸਮੇਂ ਸਿਰ ਕਰ ਸਕਣ।
ਬੁਨਿਆਦੀ ਸਹੂਲਤਾਂ ਦੀ ਘਾਟ ਤੇ ਸੁਰੱਖਿਆ ਦਾ ਫ਼ਿਕਰ
ਕਿਸਾਨਾਂ ਨੇ ਪ੍ਰਸ਼ਾਸਨ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰਾਤ ਸਮੇਂ ਮੰਡੀ ’ਚ ਬਿਜਲੀ ਗੁੱਲ ਰਹਿੰਦੀ ਹੈ ਅਤੇ ਪ੍ਰਸ਼ਾਸਨ ਵੱਲੋਂ ਕੋਈ ਚੌਕੀਦਾਰ ਵੀ ਤਾਇਨਾਤ ਨਹੀਂ ਕੀਤਾ ਗਿਆ, ਜਿਸ ਕਾਰਨ ਫ਼ਸਲ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਨਿਰਵਿਘਨ ਕੀਤੀ ਜਾਵੇ ਅਤੇ ਰਾਤ ਦੀ ਰਾਖੀ ਲਈ ਚੌਕੀਦਾਰ ਦਾ ਪ੍ਰਬੰਧ ਕੀਤਾ ਜਾਵੇ।
ਨਮੀ ਜ਼ਿਆਦਾ ਹੋਣ ਕਾਰਨ ਖ਼ਰੀਦ ’ਚ ਹੋਈ ਦੇਰੀ : ਇੰਸ. ਰੌਬਿਨ ਬਰਾੜ
ਓਧਰ ਜਦ ਇਸ ਸਬੰਧੀ ਪਨਸਪ ਏਜੰਸੀ ਦੇ ਇੰਸਪੈਕਟਰ ਰੌਬਿਨ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਨਮੀ (ਮੌਸਚਰ) ਜ਼ਿਆਦਾ ਸੀ, ਜਿਸ ਕਰਕੇ ਖ਼ਰੀਦ ਵਿੱਚ ਦੇਰੀ ਹੋਈ। ਹੁਣ ਮੌਸਮ ਸਾਫ਼ ਹੋਣ ਨਾਲ ਖ਼ਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਦੂਜੇ ਪਾਸੇ, ਮੰਡੀ ਵਿੱਚ ਚੌਕੀਦਾਰ ਅਤੇ ਹੋਰ ਪ੍ਰਬੰਧਾਂ ਬਾਰੇ ਪੱਖ ਜਾਣਨ ਲਈ ਜਦ ਮਾਰਕੀਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ ਨੂੰ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।