ਬਿਜਲੀ ਦੇ ਕੱਟਾਂ ਵਿਰੁੱਧ ਐਕਸੀਅਨ ਮੋਗਾ ਨੂੰ ਦਿੱਤਾ ਮੰਗ ਪੱਤਰ
ਕਿਸਾਨ ਮਜ਼ਦੂਰ ਮੋਰਚੇ ਦੀ
Publish Date: Tue, 28 Apr 2026 06:06 PM (IST)
Updated Date: Wed, 29 Apr 2026 04:11 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਕਿਸਾਨ ਜੱਥੇਬੰਦੀਆਂ ਜਿਵੇਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ,ਬੀਕੇਯੂ ਬਹਿਰਾਮ ਦੇ, ਬੀਕੇਯੂ ਏਕਤਾ ਅਜ਼ਾਦ ਵੱਲੋਂ ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕੱਟਾਂ ਸੰਬੰਧੀ ਐਕਸੀਅਨ ਮੋਗਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ, ਬੀਕੇਯੂ ਏਕਤਾ ਅਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੋਧਰ, ਬੀਕੇਯੂ ਬਹਿਰਾਮ ਕੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ ਕਿਹਾ ਕਿ ਕਣਕ ਦੀ ਵਾਢੀ ਨੂੰ ਲੈਕੇ ਬਿਜਲੀ ਪਾਵਰਕਾਮ ਵੱਲੋਂ ਕਿਹਾ ਗਿਆ ਸੀ ਕਿ ਬਿਜਲੀ ਸਪਲਾਈ ਦਿਨ ਵੇਲੇ ਬੰਦ ਰਹੇਗੀ ਤੇ ਰਾਤ ਨੂੰ ਬਿਜਲੀ ਸਪਲਾਈ ਪੂਰੀ ਦਿੱਤੀ ਜਾਵੇਗੀ ਤੇ ਚਾਰ ਘੰਟੇ ਮੋਟਰਾਂ ਵਾਲੀ ਲਾਈਟ ਦਿੱਤੀ ਜਾਵੇਗੀ ਪ੍ਰੰਤੂ ਪਿਛਲੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਵੱਲੋਂ ਪਿੰਡਾਂ ਅੰਦਰ ਘਰੇਲੂ ਬਿਜਲੀ ਸਪਲਾਈ ਦੇ ਲਾਏ ਜਾ ਰਹੇ ਲੰਮੇ ਲੰਮੇ ਅਤੇ ਅਣਐਲਾਨੇ ਕੱਟਾਂ ਤੋਂ ਲੋਕ ਬਹੁਤ ਦੁਖੀ ਹਨ। ਕਿਸਾਨ ਆਗੂਆਂ ਕਿਹਾ ਕਿ ਇਨ੍ਹਾਂ ਅਣਐਲਾਨੇ ਕੱਟਾਂ ਦੇ ਖ਼ਿਲਾਫ਼ ਅੱਜ ਐਕਸੀਅਨ ਮੋਗਾ ਨੂੰ ਮੰਗ ਪੱਤਰ ਦਿੱਤਾ ਅਤੇ ਐਕਸੀਅਨ ਮੋਗਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਿਭਾਗ ਦੀਆਂ ਕੁਝ ਮਜਬੂਰੀਆਂ ਦੇ ਚੱਲਦਿਆਂ ਬਿਜਲੀ ਦੇ ਕੱਟ ਸ਼ਾਮ ਦੇ ਸਮੇਂ ਜਾਂ ਰਾਤ ਦੇ ਸਮੇਂ ਲੱਗ ਰਹੇ ਸਨ ਜਿਸ ਤੋਂ ਲੋਕ ਪ੍ਰੇਸ਼ਾਨ ਸਨ,ਜਿਸ ਸਬੰਧੀ ਅਸੀਂ ਵੀ ਸਮੇਂ-ਸਮੇਂ ਤੇ ਵਿਭਾਗ ਨੂੰ ਲਿਖ ਰਹੇ ਹਾਂ ਆਉਣ ਵਾਲੇ ਦਿਨਾਂ ਵਿਚ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਮਿਲੇ।ਕਿਸਾਨ ਆਗੂਆਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲੀ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਆਗੂ ਜਰਨੈਲ ਸਿੰਘ, ਅਜੀਤ ਸਿੰਘ, ਬਲਜਿੰਦਰ ਸਿੰਘ, ਜੁਗਰਾਜ ਸਿੰਘ ਦੱਦਾਹੂਰ ਰਾਜੂ, ਸਤਨਾਮ ਸਿੰਘ ਰਾਮ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ।