ਸ੍ਰੀ ਸੁੰਦਰ ਕਾਂਡ ਨੂੰ ਮਨ ’ਚ ਉਤਾਰੋ ਤੇ ਜੀਵਨ ’ਚ ਪ੍ਰੇਰਨਾ ਲਓ : ਸਵਾਮੀ ਕਮਲਾਨੰਦ
ਸ੍ਰੀ ਸੁੰਦਰ ਕਾਂਡ ਨੂੰ ਮਨ ’ਚ ਉਤਾਰੋ ਤੇ ਜੀਵਨ ’ਚ ਪ੍ਰੇਰਨਾ ਲਓ : ਸਵਾਮੀ ਕਮਲਾਨੰਦ
Publish Date: Mon, 04 May 2026 04:16 PM (IST)
Updated Date: Mon, 04 May 2026 04:17 PM (IST)

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਨੇ ਕਿਹਾ ਕਿ ਜੋ ਭਗਤ ਸੁੰਦਰ ਕਾਂਡ ਦਾ ਪਾਠ ਕਰਦਾ ਹੈ, ਉਸ ਭਗਤ ’ਤੇ ਵੀਰ ਬਜਰੰਗ ਬਲੀ ਦੀ ਕ੍ਰਿਪਾ ਸਦਾ ਬਣੀ ਰਹਿੰਦੀ ਹੈ। ਇਸ ਲਈ ਜੋ ਭਗਤ ਬੀਰ ਬਜਰੰਗ ਬਲੀ ਦੀ ਕ੍ਰਿਪਾ ਚਾਹੁੰਦਾ ਹੈ, ਉਹ ਕੁਝ ਸਮਾਂ ਕੱਢ ਕੇ ਸ੍ਰੀ ਸੁੰਦਰ ਕਾਂਡ ਦਾ ਪਾਠ ਜ਼ਰੂਰ ਪੜ੍ਹੇ ਜਾਂ ਸੁਣੇ, ਸੁੰਦਰ ਕਾਂਡ ਨੂੰ ਸਮਝਣ ਦੀ ਕੋਸ਼ਿਸ਼ ਕਰੇ ਅਤੇ ਇਸਤੋਂ ਜੀਵਨ ’ਚ ਪ੍ਰੇਰਨਾ ਲਵੇ। ਮਹਾਰਾਜ ਨੇ ਇਹ ਵਿਚਾਰ ਸ੍ਰੀ ਰਾਮ ਭਵਨ ਵਿਖੇ ਆਯੋਜਿਤ ਪੰਜ ਰੋਜ਼ਾ ਸ੍ਰੀ ਸੁੰਦਰ ਕਾਂਡ ਪਾਠ ਪ੍ਰਵਚਨ ਪ੍ਰੋਗਰਾਮ ਦੇ ਸਮਾਪਨ ਸਮਾਰੋਹ ਮੌਕੇ ਸ਼ਰਧਾਲੂਆਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਹੇ। ਸ੍ਰੀ ਰਾਮ ਨਾਮ ਦੀ ਮਹਿਮਾ ਸੁਣਾਉਂਦੇ ਹੋਏ ਸਵਾਮੀ ਨੇ ਕਿਹਾ ਕਿ ਸ੍ਰੀ ਰਾਮ ਨਾਮ ਦੀ ਮਹਿਮਾ ਅਪਾਰ ਹੈ। ਜੋ ਭਗਤ ਸੱਚੇ ਮਨ ਨਾਲ ਸਿਰਫ਼ ਰਾਮ ਨਾਮ ਜਪਦਾ ਹੈ, ਉਸਦੇ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ। ਸ੍ਰੀ ਰਾਮ ਜੀ ਦੀ ਭਗਤੀ ਕਰਨ ਵਾਲੇ ਭਗਤ ’ਤੇ ਵੀਰ ਬਜਰੰਗ ਬਲੀ ਦੀ ਕ੍ਰਿਪਾ ਹਮੇਸ਼ਾ ਬਣੀ ਰਹਿੰਦੀ ਹੈ। ਇਸ ਮੌਕੇ ਸ਼ਰਧਾਲੂਆਂ ਨੇ ਪ੍ਰਵਚਨਾਂ ਦੀ ਅੰਮ੍ਰਿਤ-ਵਰਖਾ ’ਚ ਇਸ਼ਨਾਨ ਕਰਨ ਦੇ ਨਾਲ-ਨਾਲ ਭਜਨ-ਗੰਗਾ ’ਚ ਵੀ ਡੁਬਕੀਆਂ ਲਗਾਈਆਂ। ਸਮਾਪਨ ਸਮਾਰੋਹ ਮੌਕੇ ਪਾਠਾਂ ਦੇ ਯਜਮਾਨ ਦਰਸ਼ਨ ਗੋਇਲ-ਰੇਣੂ ਗੋਇਲ, ਸਮੂਹ ਗੋਇਲ ਪਰਿਵਾਰ ਅਤੇ ਦੇਵਰਾਜ ਕਸਰੀਜਾ-ਦਰਸ਼ਨਾ ਕਸਰੀਜਾ, ਸਮੂਹ ਕਸਰੀਜਾ ਪਰਿਵਾਰ ਰਹੇ। ਜ਼ਿਕਰਯੋਗ ਹੈ ਕਿ ਸਤਿਗੁਰੂ ਦੇਵ ਮਹਾਰਾਜ ਜੀ ਪੰਜ ਰੋਜ਼ਾ ਸ੍ਰੀ ਸੁੰਦਰ ਕਾਂਡ ਪਾਠ ਅਤੇ ਪ੍ਰਵਚਨ ਅੰਮ੍ਰਿਤ ਵਰਖਾ ਪ੍ਰੋਗਰਾਮ ਦੇ ਸੰਪੰਨ ਹੋਣ ਤੋਂ ਬਾਅਦ ਆਪਣੀ ਸੇਵਕ ਮੰਡਲੀ ਸਮੇਤ ਕਪੂਰਥਲਾ ਲਈ ਪ੍ਰਸਥਾਨ ਕਰ ਗਏ ਹਨ। ਉੱਥੇ ਸ੍ਰੀ ਸਨੇਹ ਬਿਹਾਰੀ ਮੰਦਰ, ਜਲੌ ਖਾਨਾ ਕੰਪਲੈਕਸ ਕਪੂਰਥਲਾ ਵਿਖੇ ਦੋ ਰੋਜ਼ਾ ਪ੍ਰੋਗਰਾਮ ਤੋਂ ਬਾਅਦ, ਮਹਾਰਾਜ ਜੀ 6 ਮਈ ਨੂੰ ਸਵੇਰੇ ਅੱਠ ਵਜੇ ਅੰਬਾਲਾ ਲਈ ਪ੍ਰਸਥਾਨ ਕਰਨਗੇ। ਮਹਾਰਾਜ ਜੀ ਦੇ ਵਿਦਾਇਗੀ ਸਮਾਰੋਹ ਮੌਕੇ ਸ਼ਰਧਾਲੂਆਂ ਨੇ ਭਿੱਜੀਆਂ ਅੱਖਾਂ ਨਾਲ ਵਿਦਾਇਗੀ ਦਿੱਤੀ। ਮੰਦਰ ਦਾ ਵਿਹੜਾ ਸਤਿਗੁਰੂ ਦੇਵ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।