ਕਾਰਲ ਮਾਰਕਸ ਦੇ ਜਨਮ ਦਿਨ ’ਤੇ ਸੈਮੀਨਾਰ ਕਰਵਾਇਆ
ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ
Publish Date: Wed, 06 May 2026 04:29 PM (IST)
Updated Date: Thu, 07 May 2026 04:03 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸਿਧਾਂਤਕ ਪੰਦਰਵਾੜੇ ਤਹਿਤ ਕਾਰਲ ਮਾਰਕਸ ਦਾ 209ਵਾਂ ਜਨਮ ਦਿਨ ਇਕ ਸਿਧਾਂਤਕ ਸੈਮੀਨਾਰ ਕਰਕੇ ਮਨਾਇਆ ਗਿਆ। ਇਸ ਸਿਧਾਂਤਕ ਸੈਮੀਨਾਰ ਨੂੰ ਸੰਬੋਧਨ ਕਰਨ ਦੇ ਲਈ ਕਾਮਰੇਡ ਜਗਰੂਪ ਅਤੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮਾਰਕਸਵਾਦੀ ਚਿੰਤਕ ਅਤੇ ਅਧਿਆਪਕ ਕਾਮਰੇਡ ਜਗਰੂਪ ਨੇ ਸੈਮੀਨਾਰ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਸਵਾਦ ਅੱਜ ਦੇ ਪ੍ਰਬੰਧ ਵਿਚ ਸਦਾ ਰਾਹ ਦਸੇਰਾ ਹੈ। ਮਾਰਕਸਵਾਦ ਦੀ ਸ਼ਕਤੀਮਾਨਤਾ ਤੇ ਸਮਰੱਥਾ ਤੋਂ ਭੈ ਖਾਂਦੀ ਸਰਮਾਏਦਾਰੀ ਜਦੋਂ ਜਾਣਬੁੱਝ ਕੇ ਇਸ ਨੂੰ ਨਿਰਾਰਥਕ ਪ੍ਰਚਾਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਰਹੀ ਹੁੰਦੀ ਹੈ ਉਦੋਂ ਗਿਆਨ ਚ ਊਣੇ ਬੁੱਧੀਜੀਵੀ ਇਸ ਪ੍ਰਚਾਰ ਨੂੰ ਸੱਚ ਮੰਨ ਵਿਗਿਆਨਕ ਸਿਧਾਂਤ ਤੋਂ ਕੰਨੀ ਕਤਰਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਮਾਰਕਸਵਾਦ ਨੂੰ ਵੱਧ ਤੋਂ ਵੱਧ ਪੜ੍ਹ ਅਤੇ ਉਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਇਸ ਮੌਕੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਦਾ ਸਰਮਾਏਦਾਰੀ ਪ੍ਰਬੰਧ ਸਾਰੇ ਲੋਕਾਂ ਲਈ ਵਿਨਾਸ਼ਕਾਰੀ ਹੈ। ਇਸ ਪ੍ਰਬੰਧ ਤੋਂ ਛੁਟਕਾਰਾ ਪਾਉਣ ਦਾ ਇਕੋ ਇਕ ਰਾਹ ਹੈ ਕਿ ਅਸੀਂ ਮਾਰਕਸਵਾਦ ਦਾ ਡੂੰਘਾ ਅਧਿਐਨ ਕਰੀਏ। ਉਨ੍ਹਾਂ ਕਿਹਾ ਕੇ ਲੇਖਕਾਂ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਲੋਕਾਂ ਨੂੰ ਦਿਸ਼ਾ ਦੇਣ ਲਈ ਅੱਜ ਵਧੇਰੇ ਭੂਮਿਕਾ ਨਿਭਾਉਣ ਦੀ ਲੋੜ ਹੈ। ਅੱਜ ਹਾਕਮ ਜਮਾਤੀ ਪਾਰਟੀਆਂ ਲੋਕਾਂ ਖ਼ਾਸ ਕਰਕੇ ਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਖੁੰਢਾ ਕਰਨ ਲਈ ਆਪਣੇ ਸਭ ਸਾਧਨ ਵਰਤ ਰਹੀਆਂ। ਇਸ ਸੈਮੀਨਾਰ ਵਿਚ ਆਲ ਇੰਡੀਆ ਯੂਥ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਰੌਸ਼ਨ ਕੁਮਾਰ ਸਿਨਹਾ ਤੇ ਆਲ ਇੰਡੀਆ ਸਟੂਡੈਂਟ ਫੈੱਡਰੇਸ਼ਨ ਦੇ ਕੌਮ ਸਕੱਤਰ ਦਿਨੇਸ਼ ਸ਼ਰੀ ਰੰਗਰਾਜਣ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਮਾਰਕਸਵਾਦ ਸਾਨੂੰ ਸਿਖਾਉਂਦਾ ਹੈ ਕਿ ਜਿਹੜਾ ਜਵਾਨ ਹੈ, ਉਹ ਫਲਸਫੇ ਦਾ ਅਧਿਐਨ ਕਰਨ ਵਿਚ ਢਿਲ ਨਾ ਕਰੇ, ਸੋ ਸਾਨੂੰ ਦੇਸ਼ ਦੇ ਨੌਜਵਾਨਾਂ ਨੂੰ ਮਾਰਕਸਵਾਦ ਤੋਂ ਸੇਧ ਲੈ ਕੇ ਵੱਧ ਤੋਂ ਵੱਧ ਕੰਮ ਕਰਨ ਦੀ ਜ਼ਰੂਰਤ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਆਏ ਹੋਏ ਸਾਥੀਆਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾਕਟਰ ਇੰਦਰਵੀਰ ਗਿੱਲ ਨੇ ਬਾਖ਼ੂਬੀ ਨਿਭਾਈ। ਸਮਾਗਮ ਵਿਚ ਕਾਮਰੇਡ ਜਗਦੀਸ਼ ਚਾਹਲ, ਹੰਸਰਾਜ ਗੋਲਡਨ, ਹਰਲਾਭ ਮੁਕਤਸਰ, ਗੋਰਾ ਪਿਪਲੀ ਫਰੀਦਕੋਟ, ਬਲਕਾਰ ਦੁਧਾਲਾ ਅੰਮ੍ਰਿਤਸਰ, ਗੁਰਦਿਆਲ ਖਡੂਰ ਸਾਹਿਬ, ਜਗਵਿੰਦਰ ਕਾਕਾ, ਬੋਹੜ ਬੁੱਟਰ, ਸਰਬਜੀਤ ਖੋਸਾ ਅਤੇ ਸਵਰਾਜ ਖੋਸਾ ਆਦਿ ਨੇ ਹਿੱਸਾ ਲਿਆ।