ਚੇਅਰਮੈਨ ਡਾ. ਲਛਮਣ ਭਗਤੂਆਣਾ ਤੇ ਸਕਿਓਰਿਟੀ ਗਾਰਡਾਂ ਦਾ ਕੀਤਾ ਸਨਮਾਨ
ਕੱਚਾ ਆੜ੍ਹਤੀਆ ਐਸੋਸੀਏਸ਼ਨ ਜੈਤੋ ਵੱਲੋਂ ਚੇਅਰਮੈਨ ਡਾ. ਲਛਮਣ ਭਗਤੂਆਣਾ ਅਤੇ ਸਕਿਊਰਿਟੀ ਗਾਰਡਾਂ ਦਾ ਵਿਸ਼ੇਸ਼ ਸਨਮਾਨ
Publish Date: Sun, 26 Apr 2026 04:50 PM (IST)
Updated Date: Mon, 27 Apr 2026 04:07 AM (IST)

ਮੰਡੀ ਪ੍ਰਣਾਲੀ ਦੀ ਸਫ਼ਲਤਾ ’ਚ ਹਰ ਕਰਮਚਾਰੀ ਦੀ ਭੂਮਿਕਾ ਮਹੱਤਵਪੂਰਨ : ਵਿਧਾਇਕ ਅਮੋਲਕ ਸਿੰਘ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਥਾਨਕ ਅਨਾਜ ਮੰਡੀ ਵਿਚ ਕੱਚਾ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਇੱਕ ਵਿਲੱਖਣ ਅਤੇ ਪ੍ਰੇਰਣਾਦਾਇਕ ਉਪਰਾਲੇ ਤਹਿਤ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਅਤੇ ਮੰਡੀ ਵਿਚ ਤੈਨਾਤ ਸਕਿਊਰਿਟੀ ਗਾਰਡਾਂ ਨੂੰ ਉਨ੍ਹਾਂ ਦੀ ਇਮਾਨਦਾਰੀ, ਨਿਸ਼ਠਾ ਅਤੇ ਲਗਨ ਨਾਲ ਨਿਭਾਈ ਜਾ ਰਹੀ ਸੇਵਾ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਮੰਡੀ ਪ੍ਰਬੰਧਨ ਵਿਚ ਸੇਵਾ ਨਿਭਾ ਰਹੇ ਕਰਮਚਾਰੀਆਂ ਦੀ ਕਦਰ ਕਰਨ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸਨਮਾਨ ਸਮਾਰੋਹ ਜੈਤੋ-ਕੋਟਕਪੂਰਾ ਰੋਡ ਉੱਪਰ ਸਥਿਤ ਸਥਾਨਕ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਬੜੇ ਹੀ ਸੁਚੱਜੇ ਅਤੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਵਿਚ ਮਾਰਕੀਟ ਕਮੇਟੀ ਦੇ ਅਧਿਕਾਰੀ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਅਹੁਦੇਦਾਰ, ਵਪਾਰੀ ਵਰਗ, ਕਿਸਾਨ ਅਤੇ ਹੋਰ ਪ੍ਰਮੁੱਖ ਵਿਅਕਤੀ ਵੱਡੀ ਗਿਣਤੀ ਵਿਚ ਮੌਜੂਦ ਰਹੇ, ਜਿਸ ਨਾਲ ਸਮਾਗਮ ਦੀ ਮਹੱਤਤਾ ਹੋਰ ਵਧ ਗਈ। ਮੌਜੂਦਾ ਖ਼ਰੀਦ ਮੌਸਮ ਦੌਰਾਨ ਮੰਡੀਆਂ ਵਿਚ ਅਨਾਜ ਦੀ ਆਵਾਜਾਈ ਬਹੁਤ ਵੱਧ ਜਾਂਦੀ ਹੈ ਅਤੇ ਇਸ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਭੂਮਿਕਾ ਬਹੁਤ ਹੀ ਅਹਿਮ ਹੋ ਜਾਂਦੀ ਹੈ। ਸਕਿਊਰਿਟੀ ਗਾਰਡ ਦਿਨ-ਰਾਤ ਬਿਨਾਂ ਕਿਸੇ ਵਿਸ਼ਰਾਮ ਦੇ ਆਪਣੀਆਂ ਡਿਊਟੀਆਂ ਨਿਭਾਉਂਦੇ ਹਨ। ਉਹ ਮੰਡੀ ਵਿਚ ਆਉਣ ਵਾਲੇ ਵਾਹਨਾਂ ਦੀ ਚੈਕਿੰਗ, ਅਨਾਜ ਦੇ ਢੇਰਾਂ ਦੀ ਸੁਰੱਖਿਆ ਅਤੇ ਹਰ ਗਤੀਵਿਧੀ ’ਤੇ ਕੜੀ ਨਿਗਰਾਨੀ ਰੱਖਦੇ ਹਨ। ਉਨ੍ਹਾਂ ਦੀ ਚੌਕਸੀ ਅਤੇ ਇਮਾਨਦਾਰੀ ਕਾਰਨ ਮੰਡੀ ਵਿਚ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਾਅ ਸੰਭਵ ਹੋ ਸਕਦਾ ਹੈ ਅਤੇ ਇੱਕ ਸੁਰੱਖਿਅਤ ਵਪਾਰਕ ਮਾਹੌਲ ਬਣਿਆ ਰਹਿੰਦਾ ਹੈ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਅਤੇ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰਪਾਲ ਗਰਗ ਨੇ ਸਾਂਝੇ ਤੌਰ ’ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੂੰ ਮੰਡੀ ਵਿਚ ਬਿਹਤਰ ਪ੍ਰਬੰਧਨ, ਸੁਚਾਰੂ ਪ੍ਰਣਾਲੀ ਅਤੇ ਕਿਸਾਨਾਂ-ਵਪਾਰੀਆਂ ਲਈ ਕੀਤੀਆਂ ਜਾ ਰਹੀਆਂ ਸਹੂਲਤਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਨ੍ਹਾਂ ਦੀ ਅਗਵਾਈ ਹੇਠ ਮੰਡੀ ਪ੍ਰਬੰਧਨ ਵਿਚ ਆਏ ਸੁਧਾਰਾਂ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਗਈ। ਸਮਾਗਮ ਦੌਰਾਨ ਸਕਿਊਰਿਟੀ ਗਾਰਡਾਂ ਨੂੰ ਵੀ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਦਿਆਂ ਗਾਰਡਾਂ ਦੇ ਚਿਹਰਿਆਂ ’ਤੇ ਖੁਸ਼ੀ, ਮਾਣ ਅਤੇ ਸੰਤੋਸ਼ ਸਪਸ਼ਟ ਝਲਕ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮਾਨਤਾ ਮਿਲਣ ਨਾਲ ਉਨ੍ਹਾਂ ਦਾ ਹੌਸਲਾ ਹੋਰ ਵਧਿਆ ਹੈ ਅਤੇ ਉਹ ਹੋਰ ਵੀ ਜ਼ਿਆਦਾ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ। ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਮੰਡੀ ਪ੍ਰਣਾਲੀ ਦੀ ਸਫ਼ਲਤਾ ਵਿਚ ਹਰ ਕਰਮਚਾਰੀ ਦੀ ਭੂਮਿਕਾ ਮਹੱਤਵਪੂਰਨ ਹੈ, ਪਰ ਸਕਿਊਰਿਟੀ ਗਾਰਡਾਂ ਦੀ ਜ਼ਿੰਮੇਵਾਰੀ ਸਭ ਤੋਂ ਸੰਵੇਦਨਸ਼ੀਲ ਹੈ ਕਿਉਂਕਿ ਉਹ ਸਿੱਧੇ ਤੌਰ ’ਤੇ ਸੁਰੱਖਿਆ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਰਮਚਾਰੀਆਂ ਦਾ ਸਨਮਾਨ ਕਰਨਾ ਸਿਰਫ਼ ਇੱਕ ਰਸਮੀ ਕਾਰਵਾਈ ਨਹੀਂ, ਸਗੋਂ ਸਮਾਜ ਲਈ ਇੱਕ ਸਕਾਰਾਤਮਕ ਸੰਦੇਸ਼ ਹੈ ਕਿ ਮਿਹਨਤ ਅਤੇ ਇਮਾਨਦਾਰੀ ਦੀ ਹਮੇਸ਼ਾ ਕਦਰ ਹੋਣੀ ਚਾਹੀਦੀ ਹੈ। ਇਸ ਮੌਕੇ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰਪਾਲ ਗਰਗ ਨੇ ਕਿਹਾ ਕਿ ਇਹ ਉਪਰਾਲਾ ਮੰਡੀ ਵਿਚ ਕੰਮ ਕਰ ਰਹੇ ਹਰ ਵਰਗ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਐਸੋਸੀਏਸ਼ਨ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਨਮਾਨ ਸਮਾਰੋਹ ਜਾਰੀ ਰੱਖੇਗੀ। ਇਸ ਮੌਕੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਵੀ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਪੂਰੀ ਟੀਮ ਲਈ ਮਾਣ ਦੀ ਗੱਲ ਹੈ ਅਤੇ ਉਹ ਹਮੇਸ਼ਾਂ ਮੰਡੀ ਦੇ ਬਿਹਤਰ ਪ੍ਰਬੰਧ ਲਈ ਵਚਨਬੱਧ ਰਹਿਣਗੇ। ਇਸ ਮੌਕੇ ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ‘ਆਪ’ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਸਕੱਤਰ ਰਜਿੰਦਰ ਸਿੰਘ, ਲੇਖਾਕਾਰ ਵਿਕਾਸ ਜੈਨ, ਮੰਡੀ ਸੁਪਰਵਾਈਜ਼ਰ ਸੁਰਿੰਦਰ ਸਿੰਘ ਢਿੱਲੋਂ, ਮੰਡੀ ਸੁਪਰਵਾਈਜ਼ਰ ਅਮਰਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਮੁਨੀਸ਼ ਕੁਮਾਰ, ਮੰਡੀ ਸੁਪਰਵਾਈਜ਼ਰ ਜਸਵਿੰਦਰਪਾਲ ਸ਼ਰਮਾ, ਆੜਤੀਏ ਜਗਦੀਸ਼ ਰਾਏ ਗਰਗ ਘਣੀਆਂ, ਪੁਨੀਤ ਤਾਇਲ, ਪ੍ਰਵੀਨ ਕਾਂਸਲ, ਬੰਟੀ ਜੈਨ, ਵਿੱਕੀ ਗੋਇਲ, ਸੋਨੀ ਬਾਂਸਲ, ਸੰਦੀਪ ਗਰਗ, ਸੰਜੇ ਮਿੱਤਲ, ਹਰਿੰਦਰ ਸਿੰਘ ਮੱਕੜ, ਜਸਵੀਰ ਸਿੰਘ ਬਰਾੜ, ਲਾਡੀ ਬਿਸ਼ਨੰਦੀ, ਨਵਦੀਪ ਸਿੰਘ ਮਾਨ ਭਗਤੂਆਣਾ, ਪੀ.ਏ. ਲਾਡੀ ਬਿਸ਼ਨੰਦੀ, ਸੁੱਖਾ ਰੋੜੀਕਪੂਰਾ ਆਦਿ ਹਾਜ਼ਰ ਸਨ।