ਕਬਾੜੀਆ ਪਿਸਤੌਲ ਦੀ ਨੋਕ ’ਤੇ ਅਗਵਾ, 2 ਲੱਖ ਦੀ ਫਿਰੌਤੀ ਮੰਗੀ
ਗਿੱਦੜਬਾਹਾ 'ਚ ਕਬਾੜੀਏ ਨੂੰ ਪਿਸਤੌਲ ਦੀ ਨੋਕ ’ਤੇ ਕੀਤਾ ਅਗਵਾ, ਦੋ ਲੱਖ ਦੀ ਫਿਰੌਤੀ ਮੰਗੀ
Publish Date: Sun, 03 May 2026 05:18 PM (IST)
Updated Date: Mon, 04 May 2026 04:08 AM (IST)

ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ’ਚ ਪਿਸਤੌਲ ਦੀ ਨੋਕ ’ਤੇ ਇੱਕ ਕਬਾੜੀਏ ਨੂੰ ਅਗਵਾ ਕਰ ਕੇ 3 ਨੌਜਵਾਨਾਂ ਨੇ ਉਸ ਦੇ ਪਰਿਵਾਰ ਕੋਲੋਂ 2 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਸੁਮਿਤ ਕੁਮਾਰ ਪੁੱਤਰ ਰਾਜੇਸ਼ ਕੁਮਾਰ ਨਿਵਾਸੀ ਬੈਂਟਾਬਾਦ, ਹਨੂੰਮਾਨ ਮੰਦਰ ਦੇ ਨੇੜੇ, ਗਿੱਦੜਬਾਹਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਲੰਬੀ ਰੋਡ ’ਤੇ ਉਨ੍ਹਾਂ ਦੀ ਸ਼ਿਵ ਸੁੰਦਰ ਸਕਰੈਪ ਸਟੋਰ’ ਦੇ ਨਾਂ ਤੋਂ ਦੁਕਾਨ ਹੈ। ਇੱਕ ਮਈ ਦੀ ਰਾਤ 9:22 ਵਜੇ ਉਨ੍ਹਾਂ ਦੇ ਮੋਬਾਈਲ ’ਤੇ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਕਿ ਫੈਕਟਰੀ ’ਚ ਕਬਾੜ ਪਿਆ ਹੈ ਤੇ ਗੱਲ ਕਰਨ ਲਈ ਗੇਟ ’ਤੇ ਬੁਲਾਇਆ। ਜਦੋਂ ਉਹ ਗੇਟ ਤੇ ਪਹੁੰਚਿਆ ਤਾਂ ਉੱਥੇ ਐੱਚਆਰ 26 ਏਵਾਈ (HR 26 AY) ਨੰਬਰ ਦੀ ਕੋਰੋਲਾ ਕਾਰ ਖੜ੍ਹੀ ਸੀ। ਤਿੰਨ ਨੌਜਵਾਨਾਂ ਨੇ ਗੱਲਬਾਤ ਦੇ ਬਹਾਨੇ ਉਨ੍ਹਾਂ ਨੂੰ ਪਿਛਲੀ ਸੀਟ ’ਤੇ ਬਿਠਾਇਆ ਤੇ ਕਾਰ ਭਜਾ ਕੇ ਲੈ ਗਏ। ਕਾਰ ਸੋਨੂੰ ਕੁਮਾਰ ਉਰਫ ਅਵੀ ਪੁੱਤਰ ਪਵਨ ਕੁਮਾਰ ਵਾਰਡ ਨੰਬਰ 9, ਸਿੱਖ ਮੁਹੱਲਾ ਚਲਾ ਰਿਹਾ ਸੀ। ਕੰਡਕਟਰ ਸੀਟ ’ਤੇ ਪ੍ਰੀਤਮ ਸਿੰਘ ਪੁੱਤਰ ਗੁਲਾਬ ਸਿੰਘ ਵਾਰਡ ਨੰਬਰ ਇੱਕ ਤੇ ਪਿਛਲੀ ਸੀਟ ਤੇ ਰਾਜਕਰਨ ਸਿੰਘ ਉਰਫ ਬਿੱਲਾ ਪੁੱਤਰ ਜਗਜੀਤ ਸਿੰਘ ਵਾਰਡ ਨੰਬਰ ਇੱਕ ਬੈਠਾ ਸੀ। ਸ਼ਿਕਾਇਤ ਅਨੁਸਾਰ ਰਾਜਕਰਨ ਸਿੰਘ ਉਰਫ ਬਿੱਲਾ ਨੇ ਜੇਬ ’ਚੋਂ ਪਿਸਤੌਲ ਕੱਢ ਕੇ ਸੁਮਿਤ ਦੀ ਕਨਪਟੀ (ਕੰਨ) ’ਤੇ ਲਗਾ ਦਿੱਤੀ ਤੇ ਘਰ ਵਾਲਿਆਂ ਨੂੰ 2 ਲੱਖ ਰੁਪਏ ਤਿਆਰ ਰੱਖਣ ਲਈ ਕਿਹਾ। ਸੁਮਿਤ ਨੇ ਡਰ ਦੇ ਮਾਰੇ ਆਪਣੇ ਪਿਤਾ ਨੂੰ ਫੋਨ ਕੀਤਾ। ਦੋਸ਼ ਹੈ ਕਿ ਸੋਨੂੰ ਕੁਮਾਰ ਨੇ ਫੋਨ ਖੋਹ ਕੇ ਸੁਮਿਤ ਦੇ ਪਿਤਾ ਨੂੰ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਮੁੰਡਾ ਘਰ ਵਾਪਸ ਨਹੀਂ ਆਵੇਗਾ। ਪੁਲਿਸ ਨੂੰ ਸੂਚਨਾ ਦੇਣ ’ਤੇ ਪੂਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਸੁਮਿਤ ਦੀ ਗੋਦ ’ਚ ਪਿਸਤੌਲ ਰੱਖ ਕੇ ਵੀਡੀਓ ਬਣਾਈ ਤੇ ਉਸ ਦੇ ਪਿਤਾ ਦੇ ਮੋਬਾਈਲ ਤੇ ਭੇਜ ਦਿੱਤੀ। ਵੀਡੀਓ ਲੀਕ ਕਰਨ ਦੀ ਧਮਕੀ ਦੇ ਕੇ ਮੁਲਜ਼ਮਾਂ ਨੇ ਸੁਮਿਤ ਦੇ ਮੂੰਹ ’ਤੇ ਕੱਪੜਾ ਪਾ ਦਿੱਤਾ ਤੇ ਰੇਲਵੇ ਫਾਟਕ ਲੈ ਗਏ। ਕਿਸੇ ਵਾਹਨ ਦੇ ਹੂਟਰ ਦੀ ਆਵਾਜ਼ ਸੁਣ ਕੇ ਮੁਲਜ਼ਮਾਂ ਨੇ ਸੁਮਿਤ ਨੂੰ ਗੱਡੀ ’ਚੋਂ ਬਾਹਰ ਸੁੱਟ ਦਿੱਤਾ ਤੇ ਮੋਬਾਈਲ ਲੈ ਕੇ ਫਰਾਰ ਹੋ ਗਏ। ਸੁਮਿਤ ਦਾ ਕਹਿਣਾ ਹੈ ਕਿ ਸ਼ਨੀਵਾਰ ਦੁਪਹਿਰ 2 ਵਜੇ ਤੱਕ ਵੀ ਮੁਲਜ਼ਮਾਂ ਦੀਆਂ ਵ੍ਹਟਸਐਪ ਕਾਲਾਂ ਆਉਂਦੀਆਂ ਰਹੀਆਂ। ਉਹ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਹਨ ਤੇ ਧਮਕਾ ਰਹੇ ਹਨ। ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੋਨੂੰ ਕੁਮਾਰ, ਪ੍ਰੀਤਮ ਸਿੰਘ ਤੇ ਰਾਜਕਰਨ ਸਿੰਘ ਖ਼ਿਲਾਫ਼ ਫਿਰੌਤੀ ਲਈ ਅਗਵਾ ਕਰਨ, ਅਪਰਾਧਿਕ ਧਮਕੀ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।