ਸਾਂਝਾ ਅਧਿਆਪਕ ਮੋਰਚਾ ਵੱਲੋਂ ਟੈੱਟ ਦੀ ਬੇਲੋੜੀ ਸ਼ਰਤ ਹਟਾਉਣ ਦੀ ਮੰਗ ਨੂੰ ਲੈ ਕੇ ਅਰਥੀ ਫੂਕ ਮੁਜ਼ਾਹਰਾ
ਸਾਂਝਾ ਅਧਿਆਪਕ ਮੋਰਚਾ ਵੱਲੋਂ ਟੈੱਟ ਦੀ ਬੇਲੋੜੀ ਸ਼ਰਤ ਹਟਾਉਣ ਦੀ ਮੰਗ ਨੂੰ ਲੈ ਕੇ ਅਰਥੀ ਫੂਕ ਮੁਜਾਹਰਾ
Publish Date: Tue, 17 Mar 2026 06:19 PM (IST)
Updated Date: Tue, 17 Mar 2026 06:22 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ, 16% ਡੀਏ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ, ਸਮੇਤ ਕੰਪਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਤੋਂ ਧਿਆਨ ਭਟਕਾਉਣ ਲਈ ਜ਼ਬਰਦਸਤੀ ਥੋਪੇ ਜਾ ਰਹੇ ਟੈੱਟ ਖਿਲਾਫ ਚੰਡੀਗੜ੍ਹ ਵਿਖੇ ਅਧਿਆਪਕਾਂ ਦੇ ਸ਼ਾਂਤਮਈ ਪ੍ਰਦਰਸ਼ਨ ਤੇ ਢਾਹੇ ਅਣ ਮਨੁੱਖੀ ਤਸ਼ੱਦਦ ਕਰਕੇ ਪੰਜਾਬ ਦੇ ਅਧਿਆਪਕਾਂ ਦੀਆਂ ਪੱਗਾਂ ਅਤੇ ਚੁੰਨੀਆਂ ਸੜਕਾਂ ’ਤੇ ਰੋਲਣ ਦੇ ਵਿਰੋਧ ਵਿੱਚ ਸਾਂਝਾ ਅਧਿਆਪਕ ਮੋਰਚਾ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਅਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਅਧਿਆਪਕਾਂ ਵਿਚ ਰੋਸ ਸੀ ਕਿ ਪੰਜਾਬ ਸਰਕਾਰ ਦੁਆਰਾ ਵਿਧਾਨ ਸਭਾ ਬਜਟ ਸੈਸ਼ਨ ਦੇ ਆਖਰੀ ਦਿਨ 16 ਮਾਰਚ ਤੱਕ ਅਧਿਆਪਕਾਂ ਦੀ ਸੇਵਾ ਨੂੰ ਸੁਰੱਖਿਅਤ ਕਰਨ ਸਬੰਧੀ ਵਿਧਾਨ ਸਭਾ ਵਿੱਚ ਮਤਾ ਪਾਸ ਨਹੀਂ ਕੀਤਾ ਗਿਆ ਸਗੋਂ ਚੰਡੀਗੜ੍ਹ ਵਿਖੇ ਅਧਿਆਪਕਾਂ ਤੇ ਤਾਨਾਸ਼ਾਹੀ ਰੱਵਈਏ ਨਾਲ ਗੈਰ ਮਨੁੱਖੀ ਤਸ਼ੱਦਦ ਕੀਤਾ ਗਿਆ। ਸਰਕਾਰ ਦੀ ਇਸ ਕਾਰਵਾਈ ਵਿਰੁੱਧ ਭਾਰੀ ਗੁੱਸਾ ਦੇਖਣ ਨੂੰ ਮਿਲਿਆ ਗੁਰੂ ਗੋਬਿੰਦ ਸਿੰਘ ਪਾਰਕ ਮੁਕਤਸਰ ਸਾਹਿਬ ਵਿਖੇ ਇਕੱਤਰ ਹੋਣ ਤੋਂ ਬਾਅਦ ਅਧਿਆਪਕਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਸ਼ਹਿਰ ਵਿਚ ਰੋਸ ਮਾਰਚ ਕੀਤਾ। ਪੰਜਾਬ ਸਰਕਾਰ ਦੀ ਅਰਥੀ ਫੂਕੀ ਮਾਰਚ ਦੀ ਅਗਵਾਈ ਕਰਦਿਆਂ ਅਧਿਆਪਕ ਆਗੂਆਂ ਮਨੋਹਰ ਲਾਲ ਸ਼ਰਮਾ, ਲਖਵੀਰ ਸਿੰਘ ਹਰੀਕੇ, ਪਵਨ ਕੁਮਾਰ, ਅਮਰਜੀਤ ਸਿੰਘ, ਪਰਮਜੀਤ ਸਿੰਘ, ਜੀਵਨ ਸਿੰਘ, ਕੁਲਵਿੰਦਰ ਸਿੰਘ ਨੇ ਕਿਹਾ ਸਰਕਾਰ ਮੁਲਾਜ਼ਮਾਂ ਤੇ ਅਧਿਆਪਕਾਂ ਦੀਆਂ ਮੰਗਾਂ ਤੁਰੰਤ ਗੱਲਬਾਤ ਨਾਲ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁੱਗਤਣਾ ਪੈ ਸਕਦਾ ਹੈ। ਇਸ ਸਮੇਂ ਅਧਿਆਪਕ ਆਗੂ ਬਲਦੇਵ ਸਿੰਘ ਸਾਹੀਵਾਲ, ਮਨਜੀਤ ਸਿੰਘ ਥਾਂਦੇਵਾਲਾ, ਵਿਕਰਮਜੀਤ ਸਿੰਘ ਸੰਧੂ, ਅਮਨਦੀਪ ਸਿੰਘ ਗਿੱਲ, ਸੁਰਿੰਦਰ ਸੇਤੀਆ, ਪਰਮਾਤਮਾ ਸਿੰਘ, ਰਮਨਦੀਪ ਕੌਰ, ਬਲਵਿੰਦਰ ਸਿੰਘ, ਭੰਗੂ ਸਿੰਘ, ਰਵਿੰਦਰ ਸਿੰਘ, ਸੁਰਿੰਦਰ ਕੁਮਾਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਅਧਿਆਪਕ ਨੇ ਰੋਸ ਮਾਰਚ ’ਚ ਸ਼ਮੂਲੀਅਤ ਕੀਤੀ।