ਜੈਤੋ ਨਗਰ ਕੌਂਸਲ ਚੋਣਾਂ : ਕਾਂਗਰਸੀ ਆਗੂਆਂ ਨੇ ਲੋਕਾਂ ਦਾ ਕੀਤਾ ਤਹਿ ਦਿਲੋਂ ਧੰਨਵਾਦ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਨਗਰ ਕੌਂਸਲ ਚੋਣਾਂ ਦੇ ਮਾਹੌਲ ਦੌਰਾਨ ਜੈਤੋ ਸ਼ਹਿਰ ਵਿਚ ਕਾਂਗਰਸ ਪਾਰਟੀ ਨੂੰ ਮਿਲੇ ਭਾਰੀ ਜਨਸਮਰਥਨ ਤੋਂ ਉਤਸ਼ਾਹਿਤ ਵਾਰਡ ਨੰਬਰ-10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਿਲਬਾਗ ਸ਼ਰਮਾ ਉਰਫ਼ ਬਾਗੀ ਸ਼ਰਮਾ ਅਤੇ ਵਾਰਡ ਨੰਬਰ-12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੁਲਸੀ ਰਾਮ ਬਾਂਸਲ ਵੱਲੋਂ ਸਮੂਹ ਕਾਂਗਰਸੀ ਆਗੂਆਂ, ਵਰਕਰਾਂ, ਸਮਰਥਕਾਂ ਅਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਦੋਨਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਭਰੋਸੇ ਨੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਜਨਸੇਵਾ ਲਈ ਪ੍ਰੇਰਿਤ ਕੀਤਾ ਹੈ। ਇੱਕ ਸਾਂਝੇ ਬਿਆਨ ਵਿਚ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੈਤੋ ਦੇ ਲੋਕਾਂ ਨੇ ਹਮੇਸ਼ਾਂ ਭਾਈਚਾਰਕ ਸਾਂਝ, ਵਿਕਾਸ ਅਤੇ ਲੋਕਤੰਤਰਕ ਕਦਰਾਂ-ਕੀਮਤਾਂ ਨੂੰ ਤਰਜੀਹ ਦਿੱਤੀ ਹੈ ਅਤੇ ਇਸ ਵਾਰ ਵੀ ਲੋਕਾਂ ਨੇ ਵੱਡੀ ਗਿਣਤੀ ਵਿਚ ਵੋਟ ਪਾ ਕੇ ਲੋਕਤੰਤਰ ਦੇ ਤਿਉਹਾਰ ਨੂੰ ਸਫ਼ਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਹੱਕ ਵਿਚ ਬਣਿਆ ਮਾਹੌਲ ਸਾਬਤ ਕਰਦਾ ਹੈ ਕਿ ਲੋਕ ਅੱਜ ਵੀ ਕਾਂਗਰਸ ਦੀ ਲੋਕ-ਹਿਤੈਸ਼ੀ ਸੋਚ, ਵਿਕਾਸਮੁੱਖੀ ਨੀਤੀਆਂ ਅਤੇ ਜਨਸੇਵਾ ਵਾਲੀ ਰਾਜਨੀਤੀ ਨਾਲ ਖੜ੍ਹੇ ਹਨ। ਇਸ ਮੌਕੇ ਵਾਰਡ ਨੰਬਰ-10 ਤੋਂ ਕਾਂਗਰਸੀ ਉਮੀਦਵਾਰ ਦਿਲਬਾਗ ਸ਼ਰਮਾ ‘ਬਾਗੀ’ ਨੇ ਕਿਹਾ ਕਿ ‘ਮੈਂ ਆਪਣੇ ਵਾਰਡ ਦੇ ਹਰ ਨਾਗਰਿਕ, ਮਾਤਾ-ਭੈਣਾਂ, ਨੌਜਵਾਨ ਸਾਥੀਆਂ, ਬਜ਼ੁਰਗਾਂ ਅਤੇ ਕਾਂਗਰਸੀ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ਹੱਕ ਵਿਚ ਦਿਨ-ਰਾਤ ਇਕ ਕਰਕੇ ਮਿਹਨਤ ਕੀਤੀ। ਲੋਕਾਂ ਦਾ ਪਿਆਰ ਅਤੇ ਭਰੋਸਾ ਮੇਰੇ ਲਈ ਸਭ ਤੋਂ ਵੱਡੀ ਪੂੰਜੀ ਹੈ। ਮੈਂ ਵਾਰਡ ਦੇ ਵਿਕਾਸ, ਸਫ਼ਾਈ ਪ੍ਰਬੰਧ, ਸੀਵਰੇਜ, ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਾਂਗਾ। ਲੋਕਾਂ ਦੀ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਉਸ ਦਾ ਹੱਲ ਕਰਨਾ ਮੇਰਾ ਫਰਜ਼ ਹੋਵੇਗਾ। ਇਸੇ ਤਰ੍ਹਾਂ ਵਾਰਡ ਨੰਬਰ-12 ਤੋਂ ਕਾਂਗਰਸੀ ਉਮੀਦਵਾਰ ਤੁਲਸੀ ਰਾਮ ਬਾਂਸਲ ਨੇ ਆਪਣੇ ਬਿਆਨ ਵਿਚ ਕਿਹਾ ਕਿ ‘ਚੋਣਾਂ ਦੌਰਾਨ ਮਿਲੇ ਭਾਰੀ ਸਮਰਥਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੈਤੋ ਦੇ ਲੋਕ ਵਿਕਾਸ, ਇਮਾਨਦਾਰੀ ਅਤੇ ਲੋਕ-ਹਿਤਾਂ ਦੀ ਰਾਜਨੀਤੀ ਨੂੰ ਪਸੰਦ ਕਰਦੇ ਹਨ। ਮੈਂ ਸਮੂਹ ਕਾਂਗਰਸੀ ਆਗੂਆਂ, ਵਰਕਰਾਂ, ਦੋਸਤਾਂ, ਸਮਰਥਕਾਂ ਅਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਜਤਾਇਆ। ਮੈਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਲਈ ਦਿਨ-ਰਾਤ ਮਿਹਨਤ ਕਰਾਂਗਾ ਅਤੇ ਵਾਰਡ ਦੇ ਹਰ ਵਰਗ ਦੀ ਭਲਾਈ ਲਈ ਹਮੇਸ਼ਾਂ ਉਪਲਬਧ ਰਹਾਂਗਾ।” ਦੋਨਾਂ ਕਾਂਗਰਸੀ ਆਗੂਆਂ ਨੇ ਅੱਗੇ ਕਿਹਾ ਕਿ ਚੋਣਾਂ ਭਾਵੇਂ ਖ਼ਤਮ ਹੋ ਗਈਆਂ ਹਨ, ਪਰ ਲੋਕਾਂ ਦੀ ਸੇਵਾ ਦਾ ਸਫ਼ਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਸਹਿਯੋਗ ਨਾਲ ਜੈਤੋ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਮਿਲਜੁਲ ਕੇ ਕੰਮ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਣ ਲਈ ਹਰ ਸੰਭਵ ਯਤਨ ਕਰਨਗੇ।