ਜੈ ਹੋ ਰੰਗਮੰਚ ਨੇ ਨਾਟਕ ਸੁਲਘਦੀ ਧਰਤੀ ਦਾ ਮੰਚਨ ਕੀਤਾ
ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ
Publish Date: Thu, 28 May 2026 03:33 PM (IST)
Updated Date: Fri, 29 May 2026 04:02 AM (IST)

ਕਲਾਕਾਰਾਂ ਨੇ ਸਮਾਜ ’ਚ ਫੈਲੀਆਂ ਕੁਰੀਤੀਆਂ ’ਤੇ ਕੀਤੀ ਚੋਟ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਦੀ ਟੀਮ ਦੇ ਰੰਗਕਰਮੀ ਸੁਖਦੇਵ ਲੱਧੜ ਅਤੇ ਆਸ਼ੂ ਨਈਅਰ ਵੱਲੋਂ ਲੇਖਕ ਬਲਰਾਜ ਸਾਗਰ ਦਾ ਲਿਖਿਆ ਅਤੇ ਡਾਇਰੈਕਟਰ ਸੁਖਦੇਵ ਲੱਧੜ ਦਾ ਨਿਰਦੇਸ਼ਿਤ ਕੀਤਾ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਦਸਮੇਸ਼ ਕੌਨਵੈਂਟ ਸਕੂਲ ਅੱਟੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਵਿਖੇ ਕੀਤੀ ਗਈ। ਦੋਵੇਂ ਰੰਗਕਰਮੀਆ ਨੇ ਆਪਣੇ ਆਪਣੇ ਹਿੱਸੇ ਆਏ ਕਿਰਦਾਰ ਬਾਖ਼ੂਬੀ ਨਿਭਾਏ। ਇਹ ਨਾਟਕ ਦਿਨੋਂ ਦਿਨ ਨਸ਼ਿਆਂ ਦੇ ਵਧਦੇ ਰੁਝਾਨ, ਭਰੂਣ ਹੱਤਿਆਂ, ਮਾਪਿਆਂ ਦਾ ਨਿਰਾਦਰ, ਲੁੱਟਾਂ ਖੋਹਾਂ ਅਤੇ ਲੋਕਾਂ ਦੇ ਹੱਥੋਂ ਹੜੱਪੀਆ ਜਾਂ ਰਹੀਆਂ ਜ਼ਮੀਨਾਂ ਉੱਤੇ ਕਰਾਰੀ ਚੋਟ ਕਰਦਾ ਹੈ। ਨਾਟਕ ਦੇ ਵੱਖ-ਵੱਖ ਦ੍ਰਿਸ਼ਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਹਸਾਇਆ, ਰਵਾਇਆ ਉੱਥੇ ਆਪਣੇ ਆਪ ਨੂੰ ਬਚਾਉਣ ਬਾਰੇ ਜਾਗਰੂਕ ਵੀ ਕੀਤਾ। ਪੇਸ਼ਕਾਰੀ ਉਪਰੰਤ ਪ੍ਰਿੰਸੀਪਲ ਚਰਨਜੀਤ ਸਿੰਘ ਨੇ ਨਾਟਕ ਅਤੇ ਨਾਟਕ ਦੇ ਕਲਾਕਾਰਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਕਲਾਕਾਰ ਟੀਮ ਪੁੰਨ ਦਾ ਕੰਮ ਕਰ ਰਹੀ ਹੈ। ਅੱਜ ਪੰਜਾਬ ਵਿਚ ਵਗਦੇ ਛੇਵੇਂ ਦਰਿਆ ਨੂੰ ਠੱਲ੍ਹਣ ਲਈ ਜਿੱਥੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ, ਉੱਥੇ ਇਹ ਨੌਜਵਾਨ ਆਪਣਾਂ ਬਣਦਾ ਯੋਗਦਾਨ ਜ਼ਮੀਨੀ ਪੱਧਰ ’ਤੇ ਜਾਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਨਾਟਕ ਪੇਸ਼ਕਾਰੀਆਂ ਰਾਹੀਂ ਸੁਚੇਤ ਕਰ ਰਹੇ ਹਨ। ਅੱਜ ਨਸ਼ਾ ਸਕੂਲ ਦੇ ਵਿਦਿਆਰਥੀਆਂ ਤੱਕ ਪਹੁੰਚ ਕਰ ਚੁੱਕਾਂ ਹੈ, ਉੱਥੇ ਸਾਨੂੰ ਸਭ ਨੂੰ ਲੋੜ ਹੈ ਇਕਜੁੱਟ ਹੋਣ ਦੀ ਅਤੇ ਆਪਣੇ ਬੱਚਿਆਂ ਤੇ ਗੌਰ ਕਰਨ ਦੀ। ਬਜ਼ਾਰ ਵਿਚ ਵਿਕਦੇ ਛੋਟੇ-ਛੋਟੇ ਨਸ਼ੇ ਬੱਚਿਆਂ ਨੂੰ ਆਪਣੀ ਚਪੇਟ ਵਿਚ ਲੈ ਰਹੇ ਹਨ। ਬੱਚੇ ਨਾ ਸਮਝੀ ਵਿਚ ਨਸ਼ੇ ਦੇ ਛੋਟੇ ਪਦਾਰਥਾਂ ਦਾ ਸੇਵਨ ਕਰਦੇ ਹਨ ਨਾਟਕ ਵਿਚ ਉਨ੍ਹਾਂ ਪਦਾਰਥਾਂ ਉੱਤੇ ਸਿੱਧੇ ਤੌਰ ’ਤੇ ਤੰਜ ਕਸਿਆ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਅਧਿਆਪਕ ਸਟਾਫ਼ ਬਲਜਿੰਦਰ ਕੁਮਾਰ, ਸੁਖਦੀਪ ਸਿੰਘ, ਮੈਡਮ ਪੂਨਮ, ਮੈਡਮ ਜੋਤੀ, ਮੈਡਮ ਸੁਨੀਤਾ ਅਤੇ ਲਖਵੀਰ ਕੌਰ ਵੱਲੋਂ ਟੀਮ ਦੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਦੂਜੇ ਨਾਟਕ ਦੀ ਪੇਸ਼ਕਾਰੀ ਉਪਰੰਤ ਪ੍ਰਿੰਸੀਪਲ ਪਰਦੀਪ ਸਿੰਘ ਰਾਜਪੁਰਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਹਨਾਂ ਦੋ ਕਲਾਕਾਰ ਸਾਥੀਆਂ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕੀਲ ਕੇ ਬਿਠਾ ਲਿਆ। ਨਾਟਕ ਪੇਸ਼ਕਾਰੀ ਏਨੀ ਪ੍ਰਭਾਵਸ਼ਾਲੀ ਸੀ ਕਿ ਰੰਗਮੰਚ ਦੇ ਰਸ ਭਾਵਾਂ ਨੇ ਹਰ ਰੰਗ ਬਿਖੇਰਿਆ ਅਤੇ ਪੇਸ਼ਕਾਰੀ ਚ ਜੋ ਪੰਜਾਬ ਦਾ ਦੁਖਾਂਤ ਪੇਸ਼ ਕੀਤਾ ਉਸਨੂੰ ਸਭ ਨੇ ਮਹਿਸੂਸ ਕੀਤਾ ਅਤੇ ਅਹਿਸਾਸ ਵੀ ਹੋਇਆ ਕਿ ਸਾਨੂੰ ਸਭ ਨੂੰ ਰਲਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਾਟਕ ਹਰ ਸਕੂਲ ਕਾਲਜ ਅਤੇ ਪਿੰਡਾਂ ਵਿਚ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ। ਕਲਾਕਾਰਾਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪ੍ਰਿੰਸੀਪਲ ਅਤੇ ਮਾ: ਅਵਤਾਰ ਨੇ ਰੰਗਕਰਮੀਆਂ ਨੂੰ ਕਿਤਾਬ ਜ਼ਿੰਦਗੀ ਦੇ ਰਾਹ ਤੁਰਦਿਆਂ ਦੇਕੇ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵੱਧ ਪੇਸ਼ਕਾਰੀ ਕਰਦੇ ਰਹਿਣ ਲਈ ਹੱਲਾਸ਼ੇਰੀ ਦਿੱਤੀ।