ਗਰਮੀ ’ਚ ਪਸ਼ੂ, ਪੰਛੀਆਂ ਦਾ ਧਿਆਨ ਰੱਖਣਾ ਜ਼ਰੂਰੀ : ਜਿੰਦਲ
ਪੰਜਾਬ ਵਿਚ ਵਧ ਰਹੀ ਤਪਦੀ
Publish Date: Mon, 27 Apr 2026 03:58 PM (IST)
Updated Date: Tue, 28 Apr 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਪੰਜਾਬ ਵਿਚ ਵਧ ਰਹੀ ਤਪਦੀ ਗਰਮੀ ਨੂੰ ਦੇਖਦਿਆਂ ਐੱਸਐੱਫਸੀ ਵਿੱਦਿਅਕ ਸੰਸਥਾਵਾਂ ਦੇ ਐੱਮਡੀ ਅਭਿਸ਼ੇਕ ਜਿੰਦਲ ਨੇ ਸਮਾਜ ਨੂੰ ਅਪੀਲ ਕੀਤੀ ਹੈ ਕਿ ਇਸ ਕਠਿਨ ਮੌਸਮ ਵਿਚ ਮਨੁੱਖਾਂ ਦੇ ਨਾਲ ਨਾਲ ਪੰਛੀਆਂ ਅਤੇ ਜਾਨਵਰਾਂ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਤਾਪਮਾਨ ਵਧਣ ਨਾਲ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ, ਉੱਥੇ ਹੀ ਬੇਜ਼ੁਬਾਨ ਜੀਵਾਂ ਲਈ ਇਹ ਸਮਾਂ ਹੋਰ ਵੀ ਮੁਸ਼ਕਲ ਹੁੰਦਾ ਹੈ। ਅਭਿਸ਼ੇਕ ਜਿੰਦਲ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਵਰਗ ਇਸ ਸਮੇਂ ਖੇਤਾਂ ਵਿਚ ਆਪਣੀਆਂ ਫ਼ਸਲਾਂ ਦੀ ਸੰਭਾਲ ਕਰਦੇ ਹਨ ਅਤੇ ਤਪਦੀ ਧੁੱਪ ਵਿਚ ਕੰਮ ਕਰਨਾ ਉਨ੍ਹਾਂ ਲਈ ਚੁਣੌਤੀ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਮਿਹਨਤੀ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਅਤੇ ਉਨ੍ਹਾਂ ਲਈ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਪੰਛੀਆਂ ਲਈ ਆਪਣੇ ਘਰਾਂ ਦੀਆਂ ਛੱਤਾਂ ਅਤੇ ਆਂਗਣਾਂ ਵਿਚ ਪਾਣੀ ਦੇ ਬਰਤਨ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਰਮੀ ਦੇ ਦਿਨਾਂ ਵਿਚ ਪੰਛੀਆਂ ਨੂੰ ਪਾਣੀ ਨਹੀਂ ਮਿਲਦਾ ਜਿਸ ਕਾਰਨ ਉਹ ਪਿਆਸ ਨਾਲ ਤੜਫ਼ਦੇ ਹਨ। ਜੇ ਹਰ ਵਿਅਕਤੀ ਆਪਣੇ ਘਰ ਦੇ ਉੱਪਰ ਜਾਂ ਆਲੇ ਦੁਆਲੇ ਪਾਣੀ ਰੱਖੇ ਤਾਂ ਕਈ ਪੰਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਅਭਿਸ਼ੇਕ ਜਿੰਦਲ ਨੇ ਸਮਾਜ ਸੇਵੀ ਸੰਗਠਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਰਾਹਗੀਰਾਂ ਲਈ ਠੰਡੇ ਪਾਣੀ ਦਾ ਪ੍ਰਬੰਧ ਕਰਨ। ਅੰਤ ਵਿਚ ਕਿਹਾ ਕਿ ਇਹ ਸਮਾਂ ਮਨੁੱਖਤਾ ਅਤੇ ਸਹਿਯੋਗ ਦਾ ਹੈ ਅਤੇ ਹਰ ਵਿਅਕਤੀ ਨੂੰ ਆਪਣਾ ਫਰਜ਼ ਸਮਝਦਿਆਂ ਹੋਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।