ਐੱਸਐੱਫਸੀ ਕਾਨਵੈਂਟ ਸਕੂਲ ’ਚ ਰੈੱਡ ਕਰਾਸ ਦਿਵਸ ਮਨਾਇਆ
ਮੋਗਾ ਦੇ ਪ੍ਰਸਿੱਧ ਵਿੱਦਿਅਕ ਅਦਾਰੇ
Publish Date: Fri, 08 May 2026 03:23 PM (IST)
Updated Date: Sat, 09 May 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ; ਮੋਗਾ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਐੱਸਐੱਫਸੀ ਕਾਨਵੈਂਟ ਸਕੂਲ ਜਲਾਲਾਬਾਦ (ਪੂਰਬੀ) ਜੋ ਕਿ ਆਈਸੀਐੱਸਈ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, ਵਿਚ ਅੱਜ ਬੜੇ ਉਤਸ਼ਾਹ ਅਤੇ ਜੋਸ਼ ਨਾਲ ਅੰਤਰਰਾਸ਼ਟਰੀ ਰੈੱਡ ਕ੍ਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ’ਚ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਮਨੁੱਖਤਾ ਦੀ ਸੇਵਾ, ਸਹਾਇਤਾ ਅਤੇ ਫ਼ਸਟ ਏਡ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ ਗਿਆ। ਕਾਰਜਕ੍ਰਮ ਦੀ ਸ਼ੁਰੂਆਤ ਸਕੂਲ ਦੀ ਪ੍ਰਾਰਥਨਾ ਸਭਾ ਨਾਲ ਹੋਈ, ਜਿੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਅੰਤਰਰਾਸ਼ਟਰੀ ਰੈੱਡ ਕ੍ਰਾਸ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਬਾਅਦ ਚੌਥੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਵਿਚ ਭਾਗ ਲਿਆ।ਵਿਦਿਆਰਥੀਆਂ ਵੱਲੋਂ ਫਸਟ ਏਡ ਬਾਕਸ ਤਿਆਰ ਕੀਤੇ ਗਏ ਅਤੇ ਇਕ ਪ੍ਰੇਰਣਾਦਾਇਕ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਵਿਚ ਇਹ ਦਰਸਾਇਆ ਗਿਆ ਕਿ ਐਮਰਜੈਂਸੀ ਹਾਲਾਤਾਂ ਵਿਚ ਫਸਟ ਏਡ ਬਾਕਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਕੌਸ਼ਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਹਾਇਕ ਅਤੇ ਜਾਣਕਾਰੀ ਭਰਪੂਰ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਦਾ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਹੁੰਦਾ ਹੈ ਅਤੇ ਉਹ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਸਮਝਦੇ ਹਨ। ਇਸ ਮੌਕੇ ਸਕੂਲ ਦੇ ਸੀਐੱਮਡੀ ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਵੀ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।