ਬਜ਼ੁਰਗਾ ਦੇ ਸਤਿਕਾਰ ਲਈ ਸਿਹਤ ਸਟਾਫ ਨੂੰ ਆਦੇਸ਼ ਜਾਰੀ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ
Publish Date: Mon, 06 Oct 2025 04:00 PM (IST)
Updated Date: Tue, 07 Oct 2025 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਅੰਦਰ ਅੰਤਰਰਾਸ਼ਟਰੀ ਬਜੁਰਗ ਦਿਵਸ 31 ਅਕਤੂਬਰ ਤੱਕ ਮਨਾਇਆ ਜਾਵੇਗਾ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਪ੍ਰਦੀਪ ਕੁਮਾਰ ਮਹਿੰਦਰਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਗਤੀਵਿਧੀਆਂ ਵੱਡੀ ਉਮਰ ਦੇ ਲੋਕਾਂ ਦੇ ਸਿਹਤ, ਸੁਖ-ਸਮ੍ਰਿੱਧੀ ਅਤੇ ਅਧਿਕਾਰਾਂ ਦੀ ਰੱਖਿਆ ਵੱਲ ਮਹੱਤਵਪੂਰਨ ਕਦਮ ਹਨ। ਬਜ਼ੁਰਗਾਂ ਦਾ ਹਮੇਸ਼ਾਂ ਸਤਿਕਾਰ ਕਰਨਾ ਚਾਹੀਦਾ ਹੈ। ਬਜੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਣ ਸਾਡੇ ਲਈ ਰਾਹ ਦਸੇਰਾ ਹੁੰਦੇ ਹਣ। ਇਸੇ ਦੌਰਾਨ ਸਿਵਲ ਹਸਪਤਾਲ਼ ਮੋਗਾ ਵਿਖੇ ਬਜ਼ੁਰਗਾਂ ਨਾਲ ਐੱਸਐੱਮਓ ਸਿਵਲ ਹਸਪਤਾਲ਼ ਮੋਗਾ ਡਾ ਹਰਿੰਦਰ ਸਿੰਘ ਵੱਲੋਂ ਵਿਸ਼ੇਸ ਤੌਰ ਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਲਈ ਸਮੂਹ ਸਟਾਫ਼ ਸਿਵਲ ਹਸਪਤਾਲ ਨੂੰ ਆਦੇਸ਼ ਜਾਰੀ ਕੀਤੇ ਅਤੇ ਬਜ਼ੁਰਗਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਵਿਸ਼ੇਸ ਸਤਿਕਾਰ ਦਿੱਤਾ। ਇਸੇ ਦੌਰਾਨ ਡਾ ਰੀਤੂ ਜੈਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਮੋਗਾ ਨੇ ਇਸ ਦਿਵਸ ਬਾਰੇ ਬੋਲਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਇਨ੍ਹਾਂ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਬਜ਼ੁਰਗਾਂ ਪ੍ਰਤੀ ਅਪਣਾ ਫਰਜ਼ ਅਤੇ ਸਹਿਜੋਗ ਸਾਂਝਾ ਕਰਨ। ਉਨ੍ਹਾਂ ਕਿਹਾ ਕਿ ਇਸ ਬਾਰੇ ਬਲਾਕ ਪੱਧਰ ਜਾਗਰੂਕ ਕਰਨ ਲਈ ਆਈਈਸੀ ਗਤੀਵਿਧੀਆਂ ਅਤੇ ਸਿਹਤ ਸੰਸਥਾਵਾਂ ਵਿਚ ਬਜ਼ੁਰਗਾਂ ਦੇ ਲਈ ਅਲੱਗ ਓਪੀਡੀ ਲਾਉਣ, ਪੀਣ ਵਾਲੇ ਪਾਣੀ ਦੀ ਸੁਵਿਧਾ ਦੇ ਨਾਲ ਬੈਠਣ ਦਾ ਪਰਬੰਧ ਕਰਨ ਬਾਰੇ ਆਦੇਸ਼ ਜਾਰੀ ਕੀਤੇ ਹਨ। ਬਜੁਰਗ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸਿਹਤ ਸਹੂਲਤਾਂ ਦੇਣੀਆਂ ਅਤੇ ਵਿਸ਼ੇਸ਼ ਸਤਕਾਰ ਅਤੇ ਇਲਾਜ ਅਤੇ ਚੈੱਕਅਪ ਦੌਰਾਨ ਪਹਿਲ ਦੇਣੀ ਹੈ। ਇਸ ਮੌਕੇ ਸੂਚਨਾ ਅਤੇ ਸਿੱਖਿਆ ਅਫ਼ਸਰ ਮੋਗਾ ਜਸਜੀਤ ਕੌਰ ਵੀ ਹਾਜ਼ਰ ਸਨ।