ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਵੱਡੀ ਪਹਿਲ ਕਦਮੀ
ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਵੱਡੀ ਪਹਿਲ ਕਦਮੀ,
Publish Date: Tue, 28 Apr 2026 04:46 PM (IST)
Updated Date: Wed, 29 Apr 2026 04:05 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਰੀਦਕੋਟ : ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਟੀ.ਬੀ. ਦੇ ਖਾਤਮੇ ਲਈ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਨਰਲ ਮੈਨੇਜਰ ਇੰਡਸਟ੍ਰੀਜ, ਫੈਕਟਰੀ ਐਸੋਸੀਏਸ਼ਨ, ਅਗਰਵਾਲ ਸੇਵਾ ਸਮਿਤੀ, ਮਾਰਡਰਨ ਮਾਰਬਲਜ ਕੋਟਕਪੂਰਾ, ਜੀ.ਐਮ. ਕਲੱਬ ਅਤੇ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵੱਲੋਂ ਟੀ.ਬੀ. ਦੇ ਖਾਤਮੇ ਲਈ ਸਾਂਝੀ ਭੂਮਿਕਾ ਤੇ ਜ਼ੋਰ ਦਿੰਦਿਆਂ ਸਾਰੇ ਸਟੇਕਹੋਲਡਰਾਂ ਨੂੰ ਵੱਧ ਤੋਂ ਵੱਧ ਟੀ.ਬੀ.ਦੇ ਮਰੀਜ਼ਾਂ ਨੂੰ ਅਪਣਾਉਣ ਅਤੇ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਲਈ ਕਿਹਾ ਗਿਆ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਟੀਬੀ ਦੇ ਮਰੀਜ਼ਾਂ ਨੂੰ ਸਾਰੇ ਹਿੱਸੇਦਾਰਾਂ ਵਿੱਚ ਬਰਾਬਰ ਵੰਡਿਆ ਜਾਵੇਗਾ, ਤਾਂ ਜੋ ਹਰ ਸੰਸਥਾ ਵੱਲੋਂ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਅਤੇ ਨਿਗਰਾਨੀ ਕੀਤੀ ਜਾ ਸਕੇ। ਹਰੇਕ ਸੰਸਥਾ ਨੇ ਅਪਣੇ ਹਿੱਸੇ ਦੇ ਮਰੀਜਾਂ ਦੀ ਸਹਾਇਤਾ ਕਰਨ ਅਤੇ ਆਪਣੇ ਜ਼ਿਲ੍ਹੇ ਫਰੀਦਕੋਟ ਨੂੰ ਟੀ.ਬੀ.ਮੁਕਤ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਜ਼ਿਲ੍ਹਾ ਟੀ.ਬੀ.ਅਫ਼ਸਰ ਡਾ. ਲੀਨਾ ਚੋਪੜਾ ਭੱਲਾ ਵੱਲੋਂ ਟੀ.ਬੀ. ਦੇ ਲੱਛਣ, ਇਸਦੇ ਬੁਰੇ ਪ੍ਰਭਾਵ ਦੱਸਦੇ ਹੋਏ ਇਸ ਤੋਂ ਬਚਾਅ, ਇਸ ਦਾ ਇਲਾਜ, ਇਸ ਦੇ ਸਰਕਾਰੀ ਸੰਸਥਾਵਾਂ ਵਿਖੇ ਹੋਣ ਵਾਲੇ ਵੱਖ^ਵੱਖ ਟੈਸਟਾਂ ਬਾਰੇ ਦੱਸਿਆ। ਉਨ੍ਹਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਿਸ਼ੇਸ਼ ਪਹਿਲ ਕਦਮੀਆਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸੁਵਿਧਾਵਾਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ।
ਜ਼ਿਲ੍ਹਾ ਟੀ.ਬੀ.ਅਫ਼ਸਰ ਫਰੀਦਕੋਟ ਨੇ ਦੱਸਿਆ ਕਿ ਐੱਨਜੀਓ, ਡੀਆਈਸੀ ਫਰੀਦਕੋਟ ਅਤੇ ਹੋਰ ਸਮਾਜਿਕ ਅਤੇ ਉਦਯੋਗਿਕ ਸੰਸਥਾਵਾਂ ਟੀ.ਬੀ. ਮਰੀਜ਼ਾਂ ਦੀ ਸਹਾਇਤਾ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਸ ਵਿੱਚ ਪੋਸ਼ਣ ਸਹਾਇਤਾ, ਇਲਾਜ ਦੀ ਨਿਰੰਤਰਤਾ ਅਤੇ ਨਯਿਮਤ ਫਾਲੋਅੱਪ ਸ਼ਾਮਿਲ ਹਨ। ਇਸ ਮੌਕੇ ਤੇ ਸਟੇਟ ਪ੍ਰੋਗਰਾਮ ਅਫ਼ਸਰ (ਨਿਕਸ਼ੇ ਮਿਤਰਾ) ਡਾ. ਜਸਕੀਰਤ ਸਿੰਘ ਵੱਲੋਂ ਵੀ ਨਿਕਸੇ਼ ਮਿਤਰਾ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।
ਇਸ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਫਰੀਦਕੋਟ ਡਾ. ਮਨਦੀਪ ਕੌਰ, ਡਾ. ਹਰਮੀਤ ਸਿੰਘ ਐੱਮਓਟੀਬੀ, ਡਾ. ਮਲਕੀਤ ਸਿੰਘ ਟੀਬੀ ਸਪੈਸ਼ਲਿਸ਼ਟ, ਗੁਲਸ਼ਨ ਕੁਮਾਰ ਐੱਸਟੀਐੱਸ ਰੋਸ਼ਨ ਸਿੰਘ ਵੀ ਮੌਜੂਦ ਸਨ।