ਮਲੋਟ ’ਚ ‘ਆਪ’ ਦੇ 27 ਚੋਂ 20 ਵਾਰਡਾਂ ਦੇ ਉਮੀਦਵਾਰਾਂ ਦਾ ਵਿਰੋਧ
ਮਲੋਟ ’ਚ ਆਪ ਦੇ 27 ਚੋਂ 20 ਵਾਰਡਾਂ ਦੇ ਉਮੀਦਵਾਰਾਂ ਦਾ ਹੋ ਰਿਹਾ ਹੈ ਵਿਰੋਧ
Publish Date: Fri, 15 May 2026 06:33 PM (IST)
Updated Date: Fri, 15 May 2026 06:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਜਿਉਂ ਜਿਉਂ ਨਗਰ ਪਾਲਿਕਾ ਦੀਆਂ ਚੋਣਾਂ ਦਾ ਮਾਹੌਲ ਭਖ ਰਿਹਾ ਹੈ ਰਾਜ ਕਰ ਰਹੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੱਡੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ। ਮਲੋਟ ਸ਼ਹਿਰ ’ਚ ਆਮ ਆਦਮੀ ਪਾਰਟੀ ਹੋਰ ਵਧੇਰੇ ’ਚ ਚਰਚਾ ਵਿੱਚ ਆਈ ਜਦ ਆਪ ਦੇ ਹਲਕਾ ਸੰਗਠਨ ਇੰਚਾਰਜ ਨੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਸਾਹਮਣੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਲੋਟ ਦੇ ਕੁੱਲ 27 ਵਾਰਡਾਂ ਵਿੱਚੋਂ 20 ਵਾਰਡਾਂ ’ਚੋਂ ਬਾਹਰੋਂ ਜਾਂ ਦੂਜੀਆਂ ਪਾਰਟੀਆਂ ਦੇ ਨਕਾਰੇ ਹੋਏ ਵਿਅਕਤੀਆਂ ਨੂੰ ਆਮ ਆਦਮੀ ਪਾਰਟੀ ਦੇ ਆਗੂ ਬਣਾ ਕੇ ਉਮੀਦਵਾਰ ਬਣਾਇਆ ਹੈ ਜੋ ਉਨ੍ਹਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਹਲਕਾ ਸੰਗਠਨ ਇੰਚਾਰਜ ਨੇ ਕਿਹਾ ਕਿ ਇਹ ਉਹ ਲੋਕ ਨੇ ਜਿਨਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਸੀ ਪਰ ਅੱਜ ਇਹ ਸਭ ਨਰਾਜ਼ ਤੇ ਨਿਰਾਸ਼ ਹਨ ਕਿਉਂਕਿ ਇਨ੍ਹਾਂ ਨੂੰ ਅੱਜ ਉਮੀਦਵਾਰ ਤਾਂ ਕੀ ਬਣਾਉਣਾ ਸੀ ਉਮੀਦਵਾਰ ਬਣਾਉਣ ਬਾਰੇ ਪੁੱਛਿਆ ਤੱਕ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੈਬਨਿਟ ਮੰਤਰੀ ਕੋਲ ਪਹਿਲਾਂ ਹੀ ਗੱਲਬਾਤ ਕੀਤੀ ਤੇ ਆਪਣਾ ਪੱਖ ਦੱਸਿਆ ਪਰ ਉਨ੍ਹਾਂ ਦੀ ਗੱਲ ਤੱਕ ਨਹੀਂ ਸੁਣੀ ਗਈ ਜਿਸ ਕਰਕੇ ਉਨ੍ਹਾਂ ਨੂੰ ਵੀ ਬਹੁਤ ਨਿਰਾਸ਼ਾ ਹੋ ਰਹੀ ਹੈ। ਸੰਗਠਨ ਇੰਚਾਰਜ ਤੇ ਹੋਰ ਆਗੂਆਂ ਨੇ ਕਿਹਾ ਕਿ ਉਹ ਦੂਸਰੀਆਂ ਪਾਰਟੀਆਂ ਦੇ ਨਕਾਰੇ ਹੋਏ ਅਤੇ ਆਮ ਆਦਮੀ ਪਾਰਟੀ ਵੱਲੋਂ ਬਣਾਏ ਹੋਏ ਉਮੀਦਵਾਰਾਂ ਦੀ ਬਿਲਕੁਲ ਮਦਦ ਨਹੀਂ ਕਰਨਗੇ ਅਤੇ ਜੇਕਰ ਕੈਬਨਟ ਮੰਤਰੀ ਨੇ ਇਸ ਗੱਲ ਨਾਲ ਨਾ ਧਿਆਨ ਦਿੱਤਾ ਤਾਂ ਉਹ ਹੋਰ ਵੱਡਾ ਕਦਮ ਵੀ ਚੁੱਕ ਸਕਦੇ ਹਨ।