ਆਰਮੀ ਵੈਟਰਨ ਵੈਲਫੇਅਰ ਯੂਨੀਅਨ ਦੀ ਅਹਿਮ ਮੀਟਿੰਗ ਹੋਈ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਰਮੀ ਵੈਟਰਨ ਵੈਲਫੇਅਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਵਿੰਦਰ ਸਿੰਘ ਗੰਧੜ ਦੀ ਯੋਗ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਹਾਲ ਹੀ ’ਚ ਰਿਟਾਇਰ ਹੋਏ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਰੁਜ਼ਗਾਰ ਦਫ਼ਤਰਾਂ ’ਚ ਆਪਣੇ ਨਾਮ ਜ਼ਰੂਰ ਦਰਜ ਕਰਵਾਉਣ। ਸਾਬਕਾ ਸੈਨਿਕਾਂ ਦੀ ਸਿਹਤ ਸਹੂਲਤਾਂ ਬਾਰੇ ਗੱਲ ਕਰਦਿਆਂ ਸੂਬੇਦਾਰ ਜਵਿੰਦਰ ਸਿੰਘ ਨੇ ਦੱਸਿਆ ਕਿ ਪੈਨਲ ’ਤੇ ਲਏ ਗਏ ਹਸਪਤਾਲਾਂ ’ਚ ਸਾਬਕਾ ਫ਼ੌਜੀਆਂ ਲਈ ਵਧੀਆ ਇਲਾਜ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਨੇ ਖ਼ਾਸ ਤੌਰ ’ਤੇ ਐਮਸ ਬਠਿੰਡਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉੱਚ ਦਰਜੇ ਦਾ ਹਸਪਤਾਲ ਹੈ, ਜਿੱਥੇ ਈਸੀਐਚਐਸ ਰਾਹੀਂ ਮੁਫ਼ਤ ਤੇ ਮਿਆਰੀ ਇਲਾਜ ਕਰਵਾਇਆ ਜਾ ਸਕਦਾ ਹੈ। ਮੀਟਿੰਗ ’ਚ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਨੇ ਸਾਫ਼ ਕੀਤਾ ਕਿ ਅੱਠਵੇਂ ਪੇ-ਕਮਿਸ਼ਨ ਸਬੰਧੀ ਕੋਈ ਵੀ ਅਧਿਕਾਰਕ ਜਾਣਕਾਰੀ ਆਉਣ ’ਤੇ ਹੀ ਯੂਨੀਅਨ ਵੱਲੋਂ ਇਸਦੀ ਪੁਸ਼ਟੀ ਕੀਤੀ ਜਾਵੇਗੀ। ਇਸਦੇ ਨਾਲ ਹੀ ਵਧ ਰਹੇ ਸਾਈਬਰ ਧੋਖਾਧੜੀ ਦੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਸਾਬਕਾ ਸੈਨਿਕ ਕਿਸੇ ਅਣਜਾਣ ਵਿਅਕਤੀ ਨਾਲ ਆਪਣੀ ਨਿੱਜੀ ਜਾਣਕਾਰੀ, ਬੈਂਕ ਖਾਤੇ ਦੇ ਵੇਰਵੇ ਜਾਂ ਦਸਤਾਵੇਜ਼ ਸਾਂਝੇ ਨਾ ਕਰੇ। ਜੇਕਰ ਕਿਸੇ ਨਾਲ ਕੋਈ ਧੋਖਾਧੜੀ ਹੁੰਦੀ ਹੈ, ਤਾਂ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ।। ਮੀਟਿੰਗ ਦੌਰਾਨ ਦੱਸਿਆ ਕਿ ਸਾਬਕਾ ਫ਼ੌਜੀਆਂ ਦੇ ਡਾਕੂਮੈਂਟ ਤਿਆਰ ਕਰਨ ਸਬੰਧੀ ਸਹੂਲਤ ਲਈ ਬਠਿੰਡਾ ਰੋਡ ’ਤੇ ਮੁੰਨਾ ਬਾਈ ਮੋਟਰਸਾਈਕਲ ਵਰਕਸ਼ਾਪ ਦੇ ਨੇੜੇ 'ਫ਼ੌਜੀ ਦਫ਼ਤਰ' ਖੋਲ੍ਹਿਆ ਗਿਆ ਹੈ, ਇੱਥੇ ਪਹੁੰਚ ਕੇ ਸਾਰੇ ਮੈਂਬਰ ਪ੍ਰੈਸ ਸਕੱਤਰ ਹੌਲਦਾਰ ਸ਼ਮਿੰਦਰ ਸਿੰਘ ਭੁੱਲਰ ਕੋਲੋਂ ਆਪਣੇ ਦਸਤਾਵੇਜ਼ ਤਿਆਰ ਕਰਵਾ ਸਕਦੇ ਹਨ। ਇਸ ਮੌਕੇ ਯੂਨੀਅਨ ’ਚ ਕਈ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿੱਚ ਰਿਟਾਇਰਡ ਏਐਸਆਈ ਬਲਕਾਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ। ਮੀਟਿੰਗ ’ਚ ਜ਼ਿਲ੍ਹਾ ਸਕੱਤਰ ਹੌਲਦਾਰ ਮੇਜਰ ਸਿੰਘ, ਜ਼ਿਲ੍ਹਾ ਖਜ਼ਾਨਚੀ ਹੌਲਦਾਰ ਬਲਵਿੰਦਰ ਸਿੰਘ ਮੋਤਲੇ ਵਾਲਾ, ਵਾਈਸ ਖਜ਼ਾਨਚੀ ਹੌਲਦਾਰ ਹਰਬੰਸ ਲਾਲ, ਜ਼ਿਲ੍ਹਾ ਸਟੇਜ ਸੈਕਟਰੀ ਸੂਬੇਦਾਰ ਜਸਵਿੰਦਰ ਸਿੰਘ, ਪ੍ਰੈਸ ਸਕੱਤਰ ਹੌਲਦਾਰ ਸ਼ਮਿੰਦਰ ਸਿੰਘ ਭੁੱਲਰ, ਸੂਬੇਦਾਰ ਕਾਰਜ ਸਿੰਘ ਪਾਕਾਂ, ਸੂਬੇਦਾਰ ਆਤਮਾ ਸਿੰਘ ਦੀ ਪਤਨੀ ਮਨਜੀਤ ਕੌਰ, ਹਵਲਾਦਾਰ ਜਸਵੀਰ ਸਿੰਘ (ਸ਼ਹਿਰੀ ਪ੍ਰਧਾਨ), ਹੌਲਦਾਰ ਇਕਬਾਲ ਸਿੰਘ, ਕਰਨੈਲ ਕੌਰ (ਬਲਾਕ ਪ੍ਰਧਾਨ), ਹੌਲਦਾਰ ਬੋਹੜ ਸਿੰਘ ਮੋਤਲੇ ਵਾਲਾ, ਹੌਲਦਾਰ ਨਛੱਤਰ ਸਿੰਘ, ਕੈਪਟਨ ਮੁਖਤਿਆਰ ਸਿੰਘ (ਸਲਾਹਕਾਰ), ਇਕਬਾਲ ਸਿੰਘ ਨੰਦਗੜ੍ਹ ਅਤੇ ਹੌਲਦਾਰ ਜਗਦੇਵ ਸਿੰਘ ਚੱਕ ਸ਼ੇਰੇਵਾਲਾ, ਗੁਰਮੇਲ ਸਿੰਘ ਆਦਿ ਮੁੱਖ ਤੌਰ 'ਤੇ ਹਾਜ਼ਰ ਸਨ।