ਮਜ਼ਦੂਰਾਂ ਨੂੰ ਮਈ ਦਿਵਸ ਦਾ ਮਹੱਤਵ ਦੱਸਣਾ ਜ਼ਰੂਰੀ : ਅਸ਼ਵਨੀ ਗਰਗ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਈ ਦਿਵਸ ਜਿਸ ਨੂੰ ਮਜ਼ਦੂਰ ਦਿਵਸ ਵੀ ਕਿਹਾ ਜਾਂਦਾ ਹੈ, ਦੁਨੀਆਂ ਭਰ ’ਚ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਮਈ ਦਿਵਸ ਸਬੰਧੀ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਚਿਟਿਊਟ ਬਨੂੜ (ਚੰਡੀਗੜ੍ਹ), ਸ਼ਿਵਾਲਿਕ ਕਿਡਜ਼ ਸਕੂਲ ਜੈਤੋ ਅਤੇ ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆ) ਨੇ ਦੱਸਿਆ ਇਸ ਦਿਨ ਦੁਨੀਆਂ ਭਰ ਦੇ ਮਿਹਨਤੀ ਲੋਕ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ, ਜਿਨ੍ਹਾਂ 1 ਮਈ 1886 ਨੂੰ ਅਮਰੀਕਾ (ਸ਼ਿਕਾਗੋ) ਵਿਖੇ ਹੇਅ ਮਾਰਕੀਟ ਵਿਚ ਕਿਸੇ ਅਣਜਾਣ ਵਿਅਕਤੀ ਵੱਲੋਂ ਪੁਲਿਸ ਉਪਰ ਸੁੱਟੇ ਬੰਬ ਕਾਰਨ ਪੁਲਿਸ ਵੱਲੋਂ ਉਨ੍ਹਾਂ ਮਜ਼ਦੂਰਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜੋ ਆਪਣੇ 8 ਘੰਟੇ ਕੰਮ ਦੀ ਮੰਗ ਮਨਵਾਉਣ ਲਈ ਹੜਤਾਲ ’ਤੇ ਬੈਠੇ ਸਨ। ਇਸ ਅੰਨ੍ਹੇਵਾਹ ਫਾਇਰਿੰਗ ’ਚ ਸੱਤ ਮਜ਼ਦੂਰ ਮੌਕੇ ’ਤੇ ਹੀ ਸ਼ਹੀਦ ਹੋ ਗਏ ਸਨ ਅਤੇ ਅਣਗਿਣਤ ਮਜ਼ਦੂਰਾਂ ’ਤੇ ਅੰਨ੍ਹੇਵਾਹ ਤਸ਼ੱਦਦ ਕਰਕੇ ਅਤੇ ਉਨ੍ਹਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਵਿਚ ਡੱਕਣ ਤੋਂ ਬਾਅਦ ਫਾਂਸੀ ਦੇ ਦਿੱਤੀ ਗਈ ਸੀ। ਇਸ ਕਰਕੇ ਹੀ 1 ਮਈ 1890 ਨੂੰ ਸ਼ਿਕਾਗੋ ਗੋਲੀ ਕਾਂਡ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ ਅਤੇ ਇਸ ਦਿਨ ਤੋਂ ਹੀ ਮਈ ਦਿਵਸ ਮਨਾਉਣ ਦੀ ਸ਼ੁਰੂਆਤ ਹੋ ਗਈ। ਇਸ ਕਰ ਕੇ ਹੀ 1 ਮਈ ਮਜ਼ਦੂਰ ਦਿਵਸ ਲਾਲ ਝੰਡੇ ਦੇ ਇਤਿਹਾਸ ਨਾਲ ਸ਼ੁਰੂ ਹੁੰਦਾ ਹੈ। ਪਹਿਲਾਂ ਇਸ ਝੰਡੇ ਦਾ ਰੰਗ ਸਫ਼ੈਦ ਹੁੰਦਾ ਸੀ ਜਦੋਂ ਕਿ ਸ਼ਿਕਾਗੋ ਦੇ ਸ਼ਹੀਦਾਂ ਦੇ ਖੂਨ ਨਾਲ ਰੰਗ ਕੇ ਲਾਲ ਬਣ ਗਿਆ। ਇਹ ਦਿਨ ਮਿਹਨਤੀ ਲੋਕਾਂ ਵੱਲੋਂ ਲੜੇ ਸੰਘਰਸ਼ ਅਤੇ ਕੁਰਬਾਨੀਆਂ ਰਾਹੀਂ ਪ੍ਰਾਪਤ ਕੀਤੀਆਂ ਜਿੱਤਾਂ ਦੀ ਯਾਦ ਦਿਵਾਉਂਦਾ ਹੈ। ਅਸ਼ਵਨੀ ਕੁਮਾਰ ਗਰਗ (ਗੋਰੀਆ) ਨੇ ਦੱਸਿਆ ਕਿ ਭਾਰਤ ਵਿਚ 1 ਮਈ 1923 ਨੂੰ ਮਜ਼ਦੂਰ ਦਿਵਸ ਸਭ ਤੋਂ ਪਹਿਲਾਂ ਚੇਨੱਈ ’ਚ ਮਨਾਉਣਾ ਸ਼ੁਰੂ ਹੋਇਆ ਸੀ, ਜਿਸ ਨੂੰ ਮਦਰਾਸ ਦਿਵਸ ਦਾ ਨਾਂਅ ਦਿੱਤਾ ਗਿਆ ਸੀ। ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਆਗੂ ਕਾਮਰੇਡ ਸ਼ਿੰਗਰਵੇਲੂ ਚੋਟਿਆਰ ਨੇ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਮਜ਼ਦੂਰ ਕਾਨੂੰਨ ਦੇ ਅਨੁਸਾਰ ਕੰਮ ਦੇ ਅੱਠ ਘੰਟੇ ਨਿਯਤ ਕੀਤੇ ਗਏ ਹਨ ਪ੍ਰੰਤੂ ਕਈ ਵਾਰੀ ਇੰਨ੍ਹਾਂ ਮਜ਼ਦੂਰਾਂ ਤੋਂ ਬਹੁਤ ਹੀ ਘੱਟ ਉਜਰਤਾ ’ਤੇ ਬਾਰਾਂ ਘੰਟੇ ਕੰਮ ਲਿਆ ਜਾਂਦਾ ਹੈ ਅਤੇ ਕਈ ਵਾਰੀ ਇੰਨ੍ਹਾਂ ਕਾਮਿਆਂ ਨਾਲ ਛੂਤ-ਛਾਤ ਦਾ ਵਿਤਕਰਾ ਵੀ ਕੀਤਾ ਜਾਂਦਾ ਹੈ ਜਦੋਂ ਦਲਿਤ ਤਰੱਕੀ ਕਰ ਲੈਂਦੇ ਹਨ ਤਾਂ ਉਹ ਆਪਣੇ ਆਪ ਨੂੰ ਮਜ਼ਦੂਰਾਂ ਤੋਂ ਵੱਖ ਕਰ ਲੈਂਦੇ ਹਨ ਅਤੇ ਗਰੀਬ ਮਜ਼ਦੂਰਾਂ ਦੇ ਜੀਵਨ ਪੱਧਰ ’ਚ ਕੋਈ ਤਬਦੀਲੀ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦਾ। ਇਤਿਹਾਸ ਗਵਾਹ ਹੈ ਕਿ ਕ੍ਰਾਂਤੀ ਦਾ ਆਗਾਜ਼ ਹਮੇਸ਼ਾ ਦੱਬੇ ਕੁਚਲੇ ਲੋਕਾਂ ਵੱਲੋਂ ਹੀ ਕੀਤਾ ਜਾਂਦਾ ਹੈ। ਮਜ਼ਦੂਰਾਂ ਨੂੰ ਆਪਣੇ ਹੱਕਾਂ ਪ੍ਰਤੀ ਲਾਮਬੰਦ ਹੋਣ ਦੀ ਲੋੜ ਹੈ, ਇਸ ਕਰਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਕਹਿੰਦੇ ਸਨ ਕਿ ਇਨਕਲਾਬ ਤੋਂ ਭਾਵ ਇਕ ਅਜਿਹੇ ਸਮਾਜੀ ਢਾਂਚੇ ਦੀ ਸਥਾਪਨਾ ਕਰਨਾ ਹੈ, ਜਿਸ ਵਿਚ ਮਜ਼ਦੂਰਾਂ ਦੀ ਅਗਵਾਈ ਹੋਵੇ। ਆਪਣੇ ਹੱਕਾਂ ਅਤੇ ਹੋਂਦ ਨੂੰ ਬਚਾਉਣ ਲਈ ਮਜ਼ਦੂਰ ਵਰਗ ਨੂੰ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਅੱਜ ਦੇਸ਼ ਦੀ ਸਮੁੱਚੀ ਮਜ਼ਦੂਰ ਜਮਾਤ ਨੂੰ ਆਵਾਮ ਬਚਾਓ, ਦੇਸ਼ ਬਚਾਓ ਦੇ ਨਾਅਰੇ ਹੇਠ ਇਕਮੁੱਠ ਹੋਣਾ ਪਵੇਗਾ ਅਤੇ ਇਹੀ ਕਿਸਾਨ ਮਜ਼ਦੂਰ ਏਕਤਾ ਦੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।