ਸਰਕਾਰ ਕਿਸਾਨਾਂ ਦੀ ਬਾਂਹ ਫੜੇ ਨਹੀਂ ਤਾਂ ਕਰਾਂਗੇ ਸੰਘਰਸ਼ : ਕੇਕੇਯੂ
ਸਰਕਾਰ ਕਿਸਾਨਾਂ ਦੀ ਬਾਂਹ ਫੜੇ ਨਹੀਂ ਤਾਂ ਕਰਾਂਗੇ ਸੰਘਰਸ਼ : ਕੇਕੇਯੂ
Publish Date: Wed, 15 Apr 2026 04:24 PM (IST)
Updated Date: Wed, 15 Apr 2026 04:27 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿਛਲੇ ਦਿਨੀ ਹੋਈ ਬੇਮੌਸਮੀ ਬਾਰਿਸ਼ ਤੇ ਗੜੇਬਾਰੀ ਕਾਰਨ ਪੰਜਾਬ ਦੇ ਕਾਫੀ ਪਿੰਡਾਂ ’ਚ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਕਈ ਪਿੰਡਾਂ ’ਚ ਤਾਂ ਨੁਕਸਾਨ 80 ਪ੍ਰਤੀਸ਼ਤ ਤੋਂ ਵੀ ਵੱਧ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡੇ, ਮੀਤ ਪ੍ਰਧਾਨ ਬਲਵਿੰਦਰ ਸਿੰਘ ਥਾਂਦੇਵਾਲਾ, ਜ਼ਿਲ੍ਹਾ ਆਗੂ ਜਗਮੀਤ ਸਿੰਘ ਕੋਟਲੀ ਅਬਲੂ, ਭੁਪਿੰਦਰ ਸਿੰਘ ਥਾਂਦੇਵਾਲਾ ਨੇ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਲੀ ਅਬਲੂ, ਕੋਠੇ ਅਬਲੂ ਵਾਲੇ, ਕੋਠੇ ਕੌਰ ਸਿੰਘ ਵਾਲੇ, ਕੋਠੇ ਚੇਤ ਸਿੰਘ ਵਾਲੇ, ਕੋਠੇ ਫੂਲਾ ਸਿੰਘ ਵਾਲੇ, ਕੋਠੇ ਫੁਮਣ ਸਿੰਘ ਵਾਲੇ, ਕੋਠੇ ਲਾਲ ਸਿੰਘ ਵਾਲੇ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰ ਖਰਾਬ ਹੋਈ ਪੂਰੀ ਫਸਲ ਦਾ ਕਿਸਾਨ ਨੂੰ 70 ਹਜਾਰ ਪ੍ਰਤੀ ਏਕੜ ਤੇ 50 ਪ੍ਰਤੀਸ਼ਤ ਨੁਕਸਾਨ ਵਾਲੇ ਕਿਸਾਨ ਨੂੰ 40 ਹਜ਼ਾਰ ਪ੍ਰਤੀ ਏਕੜ ਫੌਰੀ ਰਾਹਤ ਦਿੱਤੀ ਜਾਵੇ। ਪਿੰਡ ਅਬਲੂ ਕੋਟਲੀ ਦੇ ਸੁਖਪ੍ਰੀਤ ਸਿੰਘ ਗਰੇਵਾਲ, ਸੁਖਮੰਦਰ ਸਿੰਘ ਗਰੇਵਾਲ, ਜਸਪ੍ਰੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਹਿਲਾਂ ਬੇਮੌਸਮੀ ਬਾਰਿਸ਼ ਤੇ ਗੜਿਆਂ ਨੇ ਕਿਸਾਨ ਦਾ ਨੁਕਸਾਨ ਕੀਤਾ ਹੈ ਤੇ ਹੁਣ ਬਚੀ ਹੋਈ ਕਣਕ ਜੋ ਕਿਸਾਨ ਦੁਖੀ ਹਿਰਦੇ ਨਾਲ ਵੱਢ ਕੇ ਮੰਡੀਆਂ ’ਚ ਲੈ ਕੇ ਆਇਆ ਹੈ ਸਰਕਾਰ ਵੱਲੋਂ ਉਸ ਦੀ ਕੋਈ ਬੋਲੀ ਨਹੀਂ ਲਾਈ ਜਾ ਰਹੀ। ਕਈ ਦਿਨਾਂ ਤੋਂ ਕਿਸਾਨ ਮੰਡੀਆਂ ’ਚ ਰੁਲ ਰਹੇ ਹਨ। ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਨਹੀਂ ਤਾਂ ਕਿਰਤੀ ਕਿਸਾਨ ਯੂਨੀਅਨ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।