ਆਸ਼ਾ ਵਰਕਰਾਂ ਦੇ ਸਿਹਤ ਸੇਵਾਵਾਂ ’ਚ ਸਹਿਯੋਗ ਦੀ ਕੀਤੀ ਸ਼ਲਾਘਾ
ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਦਿਵਸ ਮੌਕੇ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ
Publish Date: Mon, 27 Apr 2026 03:41 PM (IST)
Updated Date: Tue, 28 Apr 2026 04:01 AM (IST)

ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ ਨੇ ਕੀਤਾ ਸਨਮਾਨਿਤ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ. ਪਰਵਜੀਤ ਸਿੰਘ ਗੁਲਾਟੀ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡ ਅਤੇ ਸ਼ਹਿਰੀ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਵੱਲੋਂ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਦੀ ਵਿਸਥਾਰ ਨਾਲ ਚਰਚਾ ਕੀਤੀ ਗਈ। ਪ੍ਰੋਗਰਾਮ ਦੀ ਅਗਵਾਈ ਕਰਦੇ ਹੋਏ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ ਨੇ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ, ਜੋ ਘਰ-ਘਰ ਤੱਕ ਸਰਕਾਰੀ ਸਿਹਤ ਯੋਜਨਾਵਾਂ ਅਤੇ ਸੇਵਾਵਾਂ ਪਹੁੰਚਾਉਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜੱਚਾ ਅਤੇ ਬੱਚਾ ਸਿਹਤ ਸੇਵਾਵਾਂ, ਸੁਰੱਖਿਅਤ ਡਿਲਿਵਰੀ, ਗਰਭਵਤੀ ਔਰਤਾਂ ਦੀ ਸਮੇਂ-ਸਿਰ ਜਾਂਚ, ਨਵ ਜਨਮੇ ਬੱਚਿਆਂ ਦੀ ਦੇਖਭਾਲ, ਸੰਪੂਰਨ ਟੀਕਾਕਰਨ, ਪਰਿਵਾਰ ਭਲਾਈ, ਕੂਪੋਸ਼ਣ ਦੀ ਰੋਕਥਾਮ, ਟੀ.ਬੀ., ਡੇਂਗੂ, ਮਲੇਰੀਆ ਅਤੇ ਹੋਰ ਸੰਚਾਰੀ ਅਤੇ ਗੈਰ ਸੰਚਾਰੀ ਬਿਮਾਰੀਆਂ ਦੀ ਪਛਾਣ ਅਤੇ ਰੋਕਥਾਮ ਵਿੱਚ ਆਸ਼ਾ ਵਰਕਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਹੋਰ ਦੱਸਿਆ ਕਿ ਆਸ਼ਾ ਵਰਕਰਾਂ ਲੋਕਾਂ ਅਤੇ ਸਿਹਤ ਸੰਸਥਾਵਾਂ ਦਰਮਿਆਨ ਇੱਕ ਮਜ਼ਬੂਤ ਪੁਲ ਵਜੋਂ ਕੰਮ ਕਰਦੀਆਂ ਹਨ, ਜਿਸ ਨਾਲ ਲੋਕਾਂ ਦਾ ਸਰਕਾਰੀ ਸਿਹਤ ਪ੍ਰਣਾਲੀ ’ਤੇ ਭਰੋਸਾ ਵਧਿਆ ਹੈ। ਡਾ. ਗੁਲਾਟੀ ਨੇ ਆਸ਼ਾ ਵਰਕਰਾਂ ਦੀ ਨਿਸ਼ਠਾ, ਮਿਹਨਤ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿਹਤ ਸੰਬੰਧੀ ਟੀਚਿਆਂ ਦੀ ਪ੍ਰਾਪਤੀ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਨਦੀਪ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਔਰਤਾਂ ਅਤੇ ਬੱਚਿਆਂ ਦੀ ਸਿਹਤ ਸੁਧਾਰਨ ਦੇ ਨਾਲ-ਨਾਲ ਪਿੰਡਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ, ਕਿਸ਼ੋਰ ਸਿਹਤ, ਪੋਸ਼ਣ ਅਭਿਆਨ, ਅਨੀਮੀਆ ਮੁਕਤ ਭਾਰਤ, ਟੀਕਾਕਰਨ, ਆਯੁਸ਼ਮਾਨ ਭਾਰਤ ਅਤੇ ਹੋਰ ਕੌਮੀ ਸਿਹਤ ਪ੍ਰੋਗਰਾਮਾਂ ਦੀ ਸਫਲਤਾ ਵਿੱਚ ਆਸ਼ਾ ਵਰਕਰਾਂ ਦੀ ਮਿਹਨਤ ਸਪਸ਼ਟ ਤੌਰ ’ਤੇ ਨਜ਼ਰ ਆਉਂਦੀ ਹੈ। ਪ੍ਰੋਗਰਾਮ ਦੌਰਾਨ ਵਧੀਆ ਸੇਵਾਵਾਂ ਅਤੇ ਸਭ ਤੋਂ ਵੱਧ ਮਾਣਭੱਤਾ ਪ੍ਰਾਪਤ ਕਰਨ ਵਾਲੀਆਂ 5 ਆਸ਼ਾ ਵਰਕਰ ਜਿਹਨਾਂ ਵਿੱਚ ਜਸਵੀਰ ਕੌਰ ਫਰੀਦਕੋਟ, ਮੋਨਿਕਾ ਸ਼ਰਮਾ ਕੋਰਕਪੁਰਾ, ਸੁਖਜੀਤ ਕੌਰ ਪਿੰਡ ਬੁਰਜ ਹਰੀਕਾ ਬਲਾਕ ਬਾਜਾਖਾਨਾ, ਛਿੰਦਰਪਾਲ ਕੌਰ ਪਿੰਡ ਭਾਣਾ ਬਲਾਕ ਜੰਡਸਾਹਿਬ ਅਤੇ ਵੀਨਾ ਰਾਣੀ ਜੈਤੋ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਕੰਮ ਨੂੰ ਹੋਰਾਂ ਲਈ ਪ੍ਰੇਰਣਾਸਰੂਪ ਦੱਸਿਆ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਐਨ.ਐਚ.ਐਮ. ਸੂਰਜ ਪ੍ਰਕਾਸ਼, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਮੋਨੀਟਰਿੰਗ ਐਂਡ ਇਵੈਲੁਏਸ਼ਨ ਅਫਸਰ ਐਨ.ਐਚ.ਐਮ. ਕਿਰਨ ਬਾਲਾ, ਜਿਲ੍ਹਾ ਕਮਿਉਨਿਟੀ ਮੋਬਲਾਇਜਰ ਸੰਦੀਪ ਕੁਮਾਰ ਛੋਕਰਾ, ਜਿਲ੍ਹਾ ਅਕਾਉਂਟਸ ਅਫਸਰ ਸਚਿਨ ਕੁਮਾਰ, ਅਕਾਉਟੈਂਟ ਕਮ ਕੈਸ਼ੀਅਰ ਤੇਜਿੰਦਰ ਕੌਰ, ਜਿਲ੍ਹਾ ਅੰਕੜਾ ਸਹਾਇਕ ਵਿਜੇਤਾ, ਕੰਪਿਉਟਰ ਅਪ੍ਰੇਟਰ ਲਵਕਿਰਨ ਸਿੰਘ ਆਦਿ ਹਾਜਰ ਸਨ।