ਗੜੇਮਾਰੀ ਨਾਲ ਫਸਲੀ ਤਬਾਹੀ ਦਾ ਤੁਰੰਤ ਮੁਆਵਜ਼ਾ ਦੇਵੇ ਸਰਕਾਰ : ਕਿਸਾਨ ਆਗੂ
ਭਾਰੀ ਬਾਰਿਸ਼ ਗੜੇਮਾਰੀ ਨਾਲ ਫਸਲਾਂ ਦੀ ਭਾਰੀ ਤਬਾਹੀ, ਯੋਗ ਮੁਆਵਜ਼ਾ ਤਰੁੰਤ ਦੇਵੇ ਸਰਕਾਰ : ਕਿਸਾਨ ਆਗੂ
Publish Date: Sun, 05 Apr 2026 05:54 PM (IST)
Updated Date: Sun, 05 Apr 2026 05:55 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਵੱਡੀ ਗਿਣਤੀ ਕਿਸਾਨਾਂ ਅਤੇ ਭਾਕਿਯੂ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਰੀ ਬਾਰਿਸ਼ ਗੜੇਮਾਰੀ ਨਾਲ ਫਸਲਾਂ ਦੀ ਤਬਾਹੀ ਕਿਸਾਨਾਂ ਮਜ਼ਦੂਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਅਗਵਾਈ ਹੇਠ ਪਿੰਡ ਭਲਾਈਆਣਾ ਕਰੀਬ ਦੋ ਹਜ਼ਾਰ ਏਕੜ, ਅਬਲੂ ਸੈਂਕੜੇ ਏਕੜ, ਕੋਟਲੀ ਕਰੀਬ ਦੋ ਤਿੰਨ ਹਜ਼ਾਰ ਏਕੜ ਸਮੇਤ ਮੱਲਣ ’ਚ ਕਣਕ, ਸਬਜ਼ੀਆਂ, ਹਰਾ ਚਾਰਾ, ਫਲਾਂ, ਮੋਟਰਾਂ, ਸੋਲਰ ਮੋਟਰਾਂ ਘਰਾਂ, ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਮਾਲ ਮਹਿਕਮੇ ਤੋਂ ਗਿਰਦਾਵਰੀ ਕਰਵਾ ਕੇ ਮੁਆਵਜਾ ਕਿਸਾਨਾਂ, ਮਜ਼ਦੂਰਾਂ ਦੇ ਖਾਤਿਆਂ ’ਚ ਪਾਇਆ ਜਾਵੇ, ਖੇਤੀ ਸੰਕਟ ਹੰਡਾ ਰਹੇ ਸਮੁੱਚੇ ਕਿਸਾਨਾਂ ਮਜ਼ਦੂਰਾਂ ਦਾ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ। ਕਿਸਾਨਾਂ ਲਿਮਟਾਂ ਦੀਆਂ ਕਿਸ਼ਤਾਂ ਅੱਗੇ ਪਾਈਆਂ ਜਾਣ, ਵਿਆਜ਼ ਮੁਆਫ਼ ਕੀਤਾ ਜਾਵੇ। ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਫਸਲਾਂ ਦੀ ਕੁਦਰਤੀ ਮਾਰ ਦੇ ਨੁਕਸਾਨ ਦਾ ਮੁਆਵਜ਼ਾ ਗਿਰਦਾਵਰੀ ਕਰਨ ਤੋਂ ਪਹਿਲਾਂ ਹੀ ਖਾਤਿਆਂ ਵਿਚ ਪਾਏ ਜਾਣ ਦੀ ਗੱਲ ਕੀਤੀ ਸੀ ਪਰ ਹੁਣ 5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਸ਼ਰਤ ਲਾਈ ਜਾਂਦੀ ਹੈ, ਜੋ ਤਰੁੰਤ ਹਟਾਈ ਜਾਵੇ ਤੇ ਮਾਲ ਮਹਿਕਮੇ ਰਾਹੀ ਗਿਰਦਾਵਰੀ ਕਾਸ਼ਤਕਾਰ ਕਿਸਾਨਾਂ ਦੇ ਹੱਕ ’ਚ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 31 ਮਾਰਚ ਤੇ ਕੱਲ੍ਹ 4 ਮਾਰਚ ਨੂੰ ਜ਼ਿਲ੍ਹਾ ਭਰ ਵਿੱਚ ਭਰੀ ਬਾਰਸ਼, ਝੱਖੜ ਅਤੇ ਗੜੇਮਾਰੀ ਨਾਲ ਫਸਲਾਂ ਕਣਕ ਦੀ ਵੱਡੀ ਪੱਧਰ ਤੇ ਤਬਾਹੀ ਹੋਈ ਹੈ। ਕਿਸਾਨ ਮਜ਼ਦੂਰ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਸ਼ਿਕਾਰ ਦਾ ਹਨ ਅਤੇ ਹੁਣ ਕਿਸਾਨਾਂ ਤੇ ਦੂਹਰੀ ਮਾਰ ਪਈ ਹੈ, ਕਿਉਂਕਿ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਝਾੜ ਘੱਟ ਨਿਕਲਣ ਕਰਕੇ ਵੱਡਾ ਘਾਟਾ ਪਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਭਲਾਈਆਣਾ ਦੇ ਕਿਸਾਨਾਂ ਠਾਕਰ ਸਿੰਘ ਪੰਚ ਦੀ 38 ਏਕੜ, ਕਿੱਕਰ ਸਿੰਘ ਦੀ 22 ਏਕੜ, ਲਖਵਿੰਦਰ ਸਿੰਘ 22 ਏਕੜ, ਇਕਬਾਲ ਸਿੰਘ, ਅਵਤਾਰ ਸਿੰਘ, ਜੀਤ ਸਿੰਘ, ਕੁਲਦੀਪ ਸਿੰਘ, ਨਛੱਤਰ ਸਿੰਘ, ਜਸਕਰਨ ਸਿੰਘ, ਕੇਵਲ ਸਿੰਘ, ਬਲਦੇਵ ਸਿੰਘ, ਗੋਰਾ ਸਿੰਘ, ਬਲਜਿੰਦਰ ਸਿੰਘ, ਬਲਕਰਨ ਸਿੰਘ, ਮੰਦਰ ਸਿੰਘ, ਸੀਰਾ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ 10 ਤੋਂ 15 ਏਕੜ ਦੀਆਂ ਫਸਲਾਂ 100 ਫ਼ੀਸਦੀ ਤੱਕ ਬਰਬਾਦ ਹੋ ਚੁੱਕੀਆਂ ਹਨ। ਜਦੋਂਕਿ ਬਾਕੀ ਪਿੰਡਾਂ ਦਾ ਕਣਕ ਦੀ ਫ਼ਸਲ ਪਾਣੀ ਭਰਨ ਧਰਤੀ ਤੇ ਵਿਛਣ ਨਾਲ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ ਤਬਾਹ ਹੋਈਆਂ ਫਸਲਾਂ ਕਣਕ, ਸਬਜ਼ੀਆਂ, ਹਰਾ ਚਾਰਾ, ਫਲਾਂ ਆਦਿਕ ਦਾ ਪ੍ਰਤੀ ਏਕੜ ਸੱਤਰ ਹਜ਼ਾਰ ਰੁਪਏ ਮੁਆਵਜ਼ਾ, ਘਰਾਂ ਮਕਾਨਾਂ, ਖੇਤੀ ਮੋਟਰਾਂ, ਸੋਲਰ ਮੋਟਰਾਂ ਦੇ ਨੁਕਸਾਨ ਦਾ ਪੂਰਾ ਯੋਗ ਮੁਆਵਜ਼ਾ ਖੇਤ ਮਜ਼ਦੂਰਾਂ ਨੂੰ 10 ਫ਼ੀਸਦੀ ਸਮੇਤ ਤਰੁੰਤ ਕਾਸ਼ਤਕਾਰਾਂ ਕਿਸਾਨਾਂ ਮਜ਼ਦੂਰਾਂ ਦੇ ਖਾਤਿਆਂ ਵਿਚ ਪਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰ ਨੇ ਤੁਰੰਤ ਮੁਆਵਜ਼ਾ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਤੇ ਜਾਰੀ ਰੱਖਿਆ ਜਾਵੇਗਾ।