ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਮੁਸਤੈਦ
ਸਿਹਤ ਵਿਭਾਗ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਮਨਾਇਆ
Publish Date: Sat, 16 May 2026 04:49 PM (IST)
Updated Date: Sun, 17 May 2026 04:03 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ.ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਅਤੇ ਰਾਸ਼ਟਰੀ ਡੇਂਗੂ ਦਿਵਸ ਨੂੰ ਸਮਰਪਿਤ ਜਿਲ੍ਹੇ ਭਰ ਵਿੱਚ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਡੇਂਗੂ ਵਿਰੋਧੀ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਵਿਭਾਗ ਵੱਲੋਂ ਸਥਾਨਕ ਟ੍ਰੇਨਿੰਗ ਅਨੈਕਸੀ ਵਿਖੇ ਕਰਵਾਏ ਜ਼੍ਹਿਲਾ ਪੱਧਰੀ ਡੇਂਗੂ ਵਿਰੋਧੀ ਜਾਗਰੂਕਤਾ ਸੈਮੀਨਾਰ ਵਿੱਚ ਫੀਲਡ ਸਟਾਫ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ-ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ.ਪ੍ਰਭਦੀਪ ਸਿੰਘ ਚਾਵਲਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਲਖਵਿੰਦਰ ਕੈਂਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਫਰੀਦਕੋਟ ਵੱਲੋਂ ਜਿਲ੍ਹਾ ਵਾਸੀਆਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾ ਨੇ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਦੇ ਘਰ ਪਹੁੰਚਣ ਤੇ ਉਨ੍ਹਾਂ ਦਾ ਸਹਿਯੋਗ ਦਿੱਤਾ ਜਾਵੇ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ.ਹਿਮਾਸ਼ੂ ਗੁਪਤਾ ਦੀ ਯੋਗ ਅਗਵਾਈ ਅਤੇ ਸਿਹਤ ਸੁਪਰਵਾਈਜ਼ਰ ਧਰਮਿੰਦਰ ਸਿੰਘ,ਮਨਦੀਪ ਸਿੰਘ,ਹਰਭਜਨ ਸਿੰਘ ਅਤੇ ਸੁਰੇਸ਼ ਕੁਮਾਰ ਦੀ ਨਿਗਰਾਨੀ ਹੇਠ ਗਠਿਤ ਟੀਮਾਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਘਰਾਂ-ਦੁਕਾਨਾਂ ਅਤੇ ਸਰਕਾਰੀ-ਪ੍ਰਾਈਵੇਟ ਸਕੂਲਾਂ ਵਿੱਚ ਜਾ ਕੇ ਮੱਛਰ ਪੈਦਾ ਹੋਣ ਦੇ ਸਥਾਨਾਂ ਦੀ ਜਾਂਚ ਕੀਤੀ ਗਈ ਅਤੇ ਜਿੱਥੇ ਵੀ ਲਾਰਵਾ ਮਿਲਿਆ ਉਸ ਨੂੰ ਨਸ਼ਟ ਕਰਵਾਇਆ ਗਿਆ। ਉਹਨਾ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮੇ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜ ਬੁਖਾਰ, ਸਿਰ-ਦਰਦ, ਮਾਸਪੇਸੀਆਂ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ,ਮਸੂੜੇ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਆਦਿ ਇਸ ਦੇ ਲੱਛਣ ਹਨ, ਸੋ ਡੇਂਗੂ ਤੋਂ ਬਚਾਅ ਲਈ ਆਲੇ ਦੁਆਲੇ ਸਫਾਈ ਦੇ ਨਾਲ ਨਾਲ ਹਰ ਹਫਤੇ ਕੂਲਰਾਂ-ਫਰਿਜ਼ਾ ਅਤੇ ਗਮਲਿਆਂ ਆਦਿ ਵਿੱਚ ਖੜੇ ਪਾਣੀ ਨੂੰ ਜਰੂਰ ਸਾਫ ਕਰੋ, ਛੱਤਾਂ ਦੇ ਰੱਖੀਆਂ ਪਾਣੀ ਦੀ ਟੈਂਕੀਆਂ, ਟੁੱਟੇ ਬਰਤਨਾਂ ਅਤੇ ਡਰੱਮਾਂ ਅਤੇ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖੋ ਤਾਂ ਜੋ ਪਾਣੀ ਜਮ੍ਹਾਂ ਨਾ ਹੋ ਸਕੇ । ਕੱਪੜੇ ਅਜਿਹੇ ਪਹਿਨੋ ਕਿ ਸਰੀਰ ਢੱਕਿਆ ਰਹੇ, ਸੋਣ ਵੇਲੇ ਮੱਛਰ-ਦਾਨੀ, ਮੱਛਰ ਭਜਾਉਣ ਵਾਲੀ ਕਰੀਮਾਂ-ਤੇਲ ਅਦਿ ਦਾ ਇਸਤਮਾਲ ਕਰੋ । ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾ ਕੇ ਡਾਕਟਰੀ ਜਾਂਚ ਕਰਵਾਈ ਜਾਵੇ । ਡੇਂਗੂ ਹੋਣ ਦੀ ਸੂਰਤ ਵਿੱਚ ਪਾਣੀ, ਤਰਲ ਚੀਜਾਂ ਜਿਆਦਾ ਪੀਓ, ਅਤੇ ਅਰਾਮ ਕਰੋ । ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਕੀਤਾ ਜਾਂਦਾ ਹੈ।ਇਸ ਮੌਕੇ ਤਰਲੋਕ ਸਿੰਘ,ਜਗਵਿੰਦਰ ਸਿੰਘ,ਕੁਲਦੀਪ ਕੌਰ,ਬਲਵਿੰਦਰ ਸਿੰਘ ਅਤੇ ਵਿਕਰਮ ਹਾਜਰ ਸਨ। 16 ਐਫਡੀਕੇ :ਡੇਂਗੂ ਵਿਰੋਧੀ ਜਾਣਕਾਰੀ ਦਿੰਦੀ ਹੋਈ ਸਿਹਤ ਵਿਭਾਗ ਦੀ ਟੀਮ।